ਹਿਤੇਂਦਰ ਸ਼ਰਮਾ, ਗੁਰਦਾਸਪੁਰ : ਡਿਪਟੀ ਕਮਿਸ਼ਨਰ ਗੁਰਦਾਪੁਰ ਮੁਹੰਮਦ ਇਸ਼ਫਾਕ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਹੁਣ ਹੋਰ ਵਧੇਰੇ ਸੁਚੇਤ ਤੇ ਜਾਗਰੂਕ ਹੋਣ ਦੀ ਲੋੜ ਹੈ ਅਤੇ ਲਾਜ਼ਮੀ ਤੌਰ 'ਤੇ ਮਾਸਕ ਪਹਿਨਿਆ ਜਾਵੇ। ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਬਣਾ ਕੇ ਰੱਖਿਆ ਜਾਵੇ ਅਤੇ ਹੱਥਾਂ ਨੂੰ ਸੈਨੇਟਾਈਜ਼ (ਸਾਫ) ਰੱਖਣਾ ਚਾਹੀਦਾ ਹੈ। ਫੇਸਬੁੱਕ ਲਾਈਵ ਰਾਹੀਂ ਬੀਤੀ ਸ਼ਾਮ ਕੋਵਿਡ-19 ਅੱਪਡੇਟ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਨੇ ਅੱਗੇ ਕਿਹਾ ਕਿ 25 ਨਵੰਬਰ ਤਕ ਜ਼ਿਲ੍ਹੇ ਅੰਦਰ ਕਰੀਬ 2 ਲੱਖ 2 ਹਜ਼ਾਰ 254 ਵਿਅਕਤੀਆਂ ਦੇ ਕੋਰੋਨਾ ਸੈਂਪਲ ਲਏ ਜਾ ਚੁੱਕੇ ਹਨ ਤੇ ਰੋਜ਼ਾਨਾ ਕਰੀਬ 1500 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਓਨਾ ਪਹਿਲਾਂ ਕੋਰੋਨਾ ਬਿਮਾਰੀ ਨੂੰ ਕੰਟਰੋਲ ਕਰਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਹੈ ਉਸੇ ਤਰ੍ਹਾਂ ਅਗਲੇ ਦਿਨਾਂ 'ਚ ਵੀ ਸਹਿਯੋਗ ਕਰਨ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਕਿਹਾ ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ ਜ਼ਿਲੇ੍ਹ ਅੰਦਰ ਕੋਰੋਨਾ ਵਾਇਕਸ ਦਾ ਫੈਲਾਅ ਨਹੀਂ ਵਧਿਆ ਪਰ ਪਿਛਲੇ 3-4 ਦਿਨਾਂ ਤੋਂ ਇਕ ਜਾਂ ਦੋ ਮੌਤਾਂ ਹੋਈਆਂ ਹਨ ਅਤੇ ਲੋਕ ਵੀ ਮਾਸਕ ਦੀ ਵਰਤੋਂ ਨਹੀਂ ਕਰ ਰਹੇ, ਜੋ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਅੱਖਾਂ, ਕੰਨਾਂ ਤੇ ਨੱਕ ਨੂੰ ਹੱਥ ਲਗਾਉਣ ਤੋਂ ਪਹਿਲਾਂ ਹੱਥਾਂ ਨੂੰ ਸੈਨੀਟਾਈਜ ਜਾਂ ਸਾਬਣ ਨਾਲ ਧੋਤਾ ਜਾਵੇ ਤਾਂ ਕਾਫੀ ਹੱਦ ਤਕ ਕੋਰੋਨਾ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਡੀਸੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ 30 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸੰਪੂਰਨਤਾ ਸਮਾਗਮ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਾਸਕ ਜ਼ਰੂਰ ਪਹਿਨਣ ਅਤੇ ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਕਰਨ।

ਉਨ੍ਹਾਂ ਅੱਗੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜੇਕਰ ਕੋਰੋਨਾ ਬਿਮਾਰੀ ਦੇ ਲੱਛਣ ਹੁੰਦੇ ਹਨ ਤਾਂ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਾਜ਼ਮੀ ਤੌਰ 'ਤੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਕੋਰੋਨਾ ਬਿਮਾਰੀ ਦਾ ਮੁੱਢਲੀ ਸਟੇਜ 'ਤੇ ਪਤਾ ਲੱਗ ਜਾਵੇ ਤਾਂ ਇਸ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਅਗਲੇ ਦਿਨਾਂ ਵਿਚ ਹੋਰ ਸੁਚੇਤ ਹੋ ਕੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿਚ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।