ਪਵਨ ਤੇ੍ਹਨ, ਬਟਾਲਾ : ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸੰਕਟ 'ਚ ਪਰਾਲੀ ਨੂੰ ਬਿਨਾਂ ਸਾੜੇ ਇਸ ਦਾ ਪ੍ਰਬੰਧਨ ਕਰਨ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਕਿਸਾਨਾਂ ਨੂੰ ਅਪੀਲ ਕਰਦਿਆਂ ਐੱਸਡੀਐੱਮ ਬਟਾਲਾ ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਲੋੜੀਂਦੇ ਖੇਤੀ ਸੰਦਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਇਸਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ ਪੂਰੀ ਤਕਨੀਕੀ ਜਾਣਕਾਰੀ ਦੇਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਅੌਂਕੜ ਦਾ ਸਾਹਮਣਾ ਨਾ ਕਰਨਾ ਪਵੇ। ਐੱਸਡੀਐੱਮ ਬਟਾਲਾ ਨੇ ਕਿਹਾ ਕਿ ਇਸ ਵਾਰ ਕੋਵਿਡ ਬਿਮਾਰੀ ਦੇ ਫੈਲਣ ਸਦਕਾ ਸਾਨੂੰ ਹੋਰ ਵੀ ਜ਼ਿੰਮੇਵਾਰੀ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਕਿਉਂਕਿ ਕੋਵਿਡ ਵੀ ਸਾਹ ਪ੍ਰਣਾਲੀ ਦੀ ਬਿਮਾਰੀ ਹੈ, ਜਿਸ ਦਾ ਸਿੱਧਾ ਅਸਰ ਫੇਫੜਿਆਂ 'ਤੇ ਪੈਂਦਾ ਹੈ। ਅਜਿਹੇ ਵਿਚ ਜੇਕਰ ਪਰਾਲੀ ਸਾੜਨ ਨਾਲ ਧੂੰਆ ਹੋਇਆ ਤਾਂ ਇਸ ਬਿਮਾਰੀ ਤੋਂ ਪੀੜਤ ਲੋਕਾਂ ਲਈ ਇਹ ਬਹੁਤ ਹੀ ਘਾਤਕ ਸਿੱਧ ਹੋ ਸਕਦਾ ਹੈ। ਇਸ ਲਈ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਤਰੀਕਿਆਂ ਨਾਲ ਇਸ ਦਾ ਨਿਪਟਾਰਾ ਕਰਨ। ਐੱਸਡੀਐੱਮ ਬਟਾਲਾ ਬਲਵਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਅਸੀਂ ਆਪਣੀ ਜ਼ਮੀਨ ਦੇ ਬਹੁਮੁੱਲੇ ਖੁਰਾਕੀ ਤਕ ਵੀ ਸਾੜ ਬੈਠਦੇ ਹਾਂ ਅਤੇ ਇਸ ਨਾਲ ਸਾਡੇ ਮਿੱਤਰ ਕੀਟ ਵੀ ਮਰ ਜਾਂਦੇ ਹਨ। ਉਧਰ ਨਾਲ ਹੀ ਉਨ੍ਹਾਂ ਸਮੂਹ ਕੰਬਾਇਨ ਮਾਲਕਾਂ ਨੂੰ ਵੀ ਕਿਹਾ ਹੈ ਕਿ ਹਰ ਕੰਬਾਇਨਾਂ ਨੂੰ ਸੁਪਰ ਐੱਸਐੱਮਐੱਸ ਲਗਾ ਕੇ ਹੀ ਝੋਨੇ ਦੀ ਕਟਾਈ ਕੀਤੀ ਜਾਵੇ ਅਤੇ ਬਿਨਾਂ ਸੁਪਰ ਐੱਸਐੱਮਐੱਸ ਲੱਗੀ ਕੰਬਾਇਨ ਨੂੰ ਝੋਨੇ ਦੀ ਕਟਾਈ ਕਰਨ ਦੀਆਂ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੰਬਾਇਨ ਮਾਲਕ ਨੇ ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।