ਸਟਾਫ ਰਿਪੋਰਟਰ, ਬਟਾਲਾ : ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਬਲਵਿੰਦਰ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਵਰਤੋਂ ਹੋਣ ਵਾਲੇ ਪਲਾਸਟਿਕ ਤੇ ਮੋਮੀ ਲਿਫ਼ਾਫ਼ੇ ਦੀ ਵਰਤੋਂ ਨੂੰ ਬਿਲਕੁਲ ਬੰਦ ਕਰ ਦੇਣ। ਉਨ੍ਹਾਂ ਕਿਹਾ ਕਿ ਇਕ ਵਾਰੀ ਵਰਤੋਂ ਵਾਲਾ ਪਲਾਸਟਿਕ ਸਾਡੇ ਚੁਗਿਰਦੇ ਲਈ ਵੱਡੀ ਸਮੱਸਿਆ ਹੈ, ਜਿਸ ਦੇ ਮਾੜੇ ਪ੍ਰਭਾਵ ਅਸਿੱਧੇ ਤੌਰ 'ਤੇ ਮਨੁੱਖੀ ਸਿਹਤ 'ਤੇ ਪੈ ਰਹੇ ਹਨ। ਉਨ੍ਹਾਂ ਨੇ ਸਮਾਜ ਦੇ ਹਰ ਇਕ ਨਾਗਰਿਕ ਨੂੰ ਅਪੀਲ ਕੀਤੀ ਹੈ ਕਿ ਉਹ ਕੱਪੜੇ ਜਾਂ ਜੂਟ ਦੇ ਥੈਲੇ ਦੀ ਵਰਤੋਂ ਦੀ ਆਦਤ ਪਾਉਣ ਅਤੇ ਪਾਲੀਥੀਨ ਵਰਗੇ ਘਾਤਕ ਲਿਫਾਫਿਆਂ ਦੀ ਵਰਤੋਂ ਛੱਡ ਦੇਣ। ਕਮਿਸ਼ਨਰ ਨਗਰ ਨਿਗਮ ਬਟਾਲਾ ਬਲਵਿੰਦਰ ਸਿੰਘ ਨੇ ਕਿਹਾ ਕਿ ਪਲਾਸਟਿਕ ਜਾਂ ਪਾਲੀਥੀਨ ਦੇ ਲਿਫ਼ਾਫ਼ੇ ਸ਼ਹਿਰ ਦੇ ਸੀਵਰੇਜ ਸਿਸਟਮ ਜਾਮ ਹੋਣ ਦਾ ਵੀ ਮੁੱਖ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਮੋਮੀ ਲਿਫ਼ਾਫ਼ੇ ਦੀ ਵਰਤੋਂ ਬੰਦ ਕਰ ਦੇਣ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਅਸਾਨੀ ਨਾਲ ਹੋ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਜ਼ਾਰ ਤੋਂ ਸਾਮਾਨ ਖਰੀਦਣ ਜਾਣ ਮੌਕੇ ਕੱਪੜੇ ਜਾਂ ਜੂਟ ਦੇ ਥੈਲੇ ਦੀ ਵਰਤੋਂ ਕਰਨ।