ਗੁਰਦਾਸਪੁਰ : 26 ਨਵੰਬਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਵੰਕਈਆ ਨਾਇਡੂ ਵੱਲੋਂ ਡੇਰਾ ਬਾਬਾ ਨਾਨਕ ਦੀ ਧਰਤੀ 'ਤੇ ਕਰਤਾਰਪੁਰ ਲਾਂਘੇ ਦੀ ਉਸਾਰੀ ਨੂੰ ਲੈ ਕੈ ਨੀਂਹ ਪੱਥਰ ਰੱਖਿਆ ਗਿਆ ਸੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 4 ਮਹੀਨੇ ਵਿਚ ਇਹ ਕਾਰਜ ਪੂਰਾ ਕਰਨ ਦਾ ਦਾਅਵਾ ਕੀਤਾ ਸੀ ਪਰ 77 ਦਿਨ ਲੰਘਣ ਦੇ ਬਾਵਜੂਦ ਕਰਤਾਰਪੁਰ ਲਾਂਘੇ ਦੇ ਉਸਾਰੀ ਕਾਰਜ ਨੂੰ ਲੈ ਕੇ ਕੇਂਦਰੀ ਟੀਮ ਜ਼ਿਲ੍ਹਾ ਪ੍ਸ਼ਾਸਨਕ ਅਧਿਕਾਰੀਆਂ ਦਾ ਪੂਰਾ ਸਹਿਯੋਗ ਹਾਸਲ ਨਹੀਂ ਕਰ ਸਕੀ ਹੈ, ਜਿਸ ਕਾਰਨ ਕਿਸਾਨਾਂ ਦਾ ਮੁੱਦਾ ਹੱਲ ਨਹੀਂ ਹੋ ਸਕਿਆ ਹੈ। ਕਿਸਾਨ ਸੰਗਠਨ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦੇ ਵਾਜਬ ਮੁੱਲ ਦੀ ਮੰਗ ਕਰ ਰਹੇ ਹਨ ਪਰ ਪੂਰਾ ਮੁੱਲ ਨਾ ਮਿਲਣ ਕਾਰਨ ਲਾਂਘੇ ਦਾ ਕਾਰਜ ਵਿਚਕਾਰ ਲਟਕਿਆ ਹੈ। ਉਧਰ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਦਾ ਉਸਾਰੀ ਕਾਰਜ ਸ਼ੁਰੂ ਕਰ ਕੇ ਭਾਰਤ ਤੋਂ ਪਹਿਲਾਂ ਬਾਜ਼ੀ ਮਾਰ ਲਈ ਹੈ।

ਕੇਂਦਰੀ ਟੀਮ ਜ਼ਿਲ੍ਹਾ ਪ੍ਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦਾ ਵਾਜਬ ਮੁੱਲ ਦੇ ਕੇ ਇਸੇ ਹਫਤੇ ਕਰਤਾਰਪੁਰ ਲਾਂਘੇ ਦਾ ਕੰਮ ਕਰਵਾ ਸਕਦੀ ਹੈ। ਸਰਹੱਦ 'ਤੇ ਸ਼ਨਿੱਚਰਵਾਰ ਨੂੰ ਪੁੱਜੇ ਅਧਿਕਾਰੀਆਂ ਨੇ ਇਸ ਗੱਲ ਦਾ ਖੁਲਾਸਾ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ। ਇਸ ਮੁੱਦੇ ਨੂੰ ਜਲਦੀ ਹੱਲ ਕਰ ਕੇ ਕਰਤਾਰਪੁਰ ਲਾਂਘੇ ਦਾ ਕੰਮ ਸ਼ੁਰੂ ਕੀਤਾ ਜਾਵੇਗਾ।