ਆਕਾਸ਼, ਗੁਰਦਾਸਪੁਰ : ਡੀਸੀ ਨਾਲ ਬਦਸਲੂਕੀ ਦੇ ਦੋਸ਼ਾਂ ਤਹਿਤ ਨਾਮਜ਼ਦ ਲੁਧਿਆਣੇ ਦੇ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਪੇਸ਼ਗੀ ਅਰਜ਼ੀ ਨੂੰ ਸੈਸ਼ਨ ਜੱਜ ਗੁਰਦਾਸਪੁਰ ਸ੍ਰੀਮਤੀ ਰਮੇਸ਼ ਕੁਮਾਰੀ ਨੇ ਖ਼ਾਰਜ ਕਰ ਦਿੱਤਾ। ਇਸ ਦੇ ਨਾਲ ਹੀ ਬੈਂਸ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ ਕਿਉਂਕਿ ਪੁਲਿਸ ਉਨ੍ਹਾਂ ਨੂੰ ਕਿਸੇ ਵੀ ਸਮੇਂ ਗਿ੍ਫ਼ਤਾਰ ਕਰ ਸਕਦੀ ਹੈ। ਗਿ੍ਫ਼ਤਾਰੀ ਤੋਂ ਬਚਣ ਲਈ ਹੁਣ ਬੈਂਸ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ ਪਰ ਜਿੰਨੀ ਦੇਰ ਤਕ ਉੱਥੋਂ ਕੋਈ ਰਾਹਤ ਨਹੀਂ ਮਿਲਦੀ ਓਨੀ ਦੇਰ ਤਕ ਬੈਂਸ ਉੱਪਰ ਗਿ੍ਫ਼ਤਾਰੀ ਦੀ ਤਲਵਾਰ ਲਟਕਦੀ ਰਹੇਗੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਪੰਜਾਬ ਪੁਲਿਸ ਬੈਂਸ ਦੀ ਗਿ੍ਫ਼ਤਾਰੀ ਲਈ ਗੰਭੀਰਤਾ ਦਿਖਾਉਂਦੀ ਹੈ ਜਾਂ ਨਹੀਂ ਕਿਉਂਕਿ ਅਜੇ ਤਕ 10 ਦਿਨ ਬਾਅਦ ਵੀ ਪੁਲਿਸ ਗਿ੍ਫ਼ਤਾਰੀ ਪ੍ਰਤੀ ਕੋਈ ਜ਼ਿਆਦਾ ਗੰਭੀਰ ਨਜ਼ਰ ਨਹੀਂ ਆ ਰਹੀ ਜਦੋਂ ਕਿ ਅਦਾਲਤ ਵਿਚ ਸਰਕਾਰੀ ਧਿਰ ਵੱਲੋਂ ਬੈਂਸ ਦੀ ਜ਼ਮਾਨਤ ਦਾ ਖੁੱਲ੍ਹ ਕੇ ਵਿਰੋਧ ਕੀਤਾ ਗਿਆ।

ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੈਂਸ ਦੀ ਜ਼ਮਾਨਤ ਅਰਜ਼ੀ ਉੱਪਰ ਨੂੰ 12 ਸਤੰਬਰ ਨੂੰ ਗੁਰਦਾਸਪੁਰ ਦੀ ਸੈਸ਼ਨ ਅਦਾਲਤ 'ਚ ਦੋਵਾਂ ਧਿਰਾਂ ਦੇ ਵਕੀਲਾਂ ਦੀ ਕੋਈ ਪੌਣਾ ਘੰਟਾ ਬਹਿਸ ਹੋਈ ਸੀ। ਇਸ ਪਿੱਛੋਂ ਅਦਾਲਤ ਨੇ ਆਪਣਾ ਫ਼ੈਸਲਾ 16 ਸਤੰਬਰ ਤਕ ਟਾਲ਼ ਦਿੱਤਾ ਸੀ। ਸੋਮਵਾਰ ਸ਼ਾਮ 5 ਵਜੇ ਦੇ ਕਰੀਬ ਸੈਸ਼ਨ ਜੱਜ ਸ੍ਰੀਮਤੀ ਰਮੇਸ਼ ਕੁਮਾਰੀ ਨੇ ਸਿਮਰਜੀਤ ਸਿੰਘ ਬੈਂਸ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਖ਼ਾਰਜ ਕਰਨ ਦਾ ਫ਼ੈਸਲਾ ਸੁਣਾਇਆ। ਇਸ ਨਾਲ ਬੈਂਸ ਦੇ ਸਮਰਥਕਾਂ ਵਿਚ ਮਾਯੂਸੀ ਫੈਲ ਗਈ।

-------------------------------------