ਸ਼ਾਮ ਸਿੰਘ ਘੁੰਮਣ, ਦੀਨਾਨਗਰ: ਦੀਨਾਨਗਰ ਪੁਲਿਸ ਨੇ ਅੱਜ ਦੁਪਹਿਰ ਵੇਲੇ ਦੀਨਾਨਗਰ ਬੱਸ ਸਟੈਂਡ ਦੇ ਅੰਦਰ ਇੱਕ ਸ਼ਿਵ ਸੈਨਾ ਆਗੂ ਵੱਲੋਂ ਢਾਬੇ ਦੀ ਆੜ ਹੇਠ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ਤੇ ਛਾਪੇਮਾਰੀ ਕਰਦਿਆਂ ਢਾਬੇ ਅੰਦਰੋਂ ਇੱਕ ਜੋੜੇ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕਰਨ ਮਗਰੋਂ ਸ਼ਿਵ ਸੈਨਾ ਆਗੂ ਅਜੇ ਕੁਮਾਰ, ਜੋ ਕਿ ਸ਼ਿਵ ਸੈਨਾ ਪੰਜਾਬ ਦਾ ਸੂਬਾ ਮੀਤ ਪ੍ਰਧਾਨ ਹੈ, ਸਣੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਐੱਸਐੱਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੀਨਾਨਗਰ ਬੱਸ ਸਟੈਂਡ ਦੇ ਅੰਦਰ ਛਿੰਦੇ ਦੇ ਢਾਬੇ ਦਾ ਮਾਲਕ ਅਜੇ ਕੁਮਾਰ ਦੇਹ ਵਪਾਰ ਦਾ ਕਾਰੋਬਾਰ ਚਲਾ ਰਿਹਾ ਹੈ ਜਿਸਨੂੰ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਔਰਤ ਲੜਕੀਆਂ ਸਪਲਾਈ ਕਰਦੀ ਹੈ ਅਤੇ ਅਜੇ ਕੁਮਾਰ ਉਹਨਾਂ ਲੜਕੀਆਂ ਲਈ ਗ੍ਰਾਹਕਾਂ ਦਾ ਇੰਤਜਾਮ ਕਰਦਾ ਹੈ। ਉਹਨਾਂ ਦੱਸਿਆ ਕਿ ਦੀਨਾਨਗਰ ਪੁਲਿਸ ਨੇ ਹਲਕਾ ਡੀਐੱਸਪੀ ਮਹੇਸ ਸੈਣੀ ਦੀ ਅਗਵਾਈ ਹੇਠ ਜਦੋਂ ਛਿੰਦੇ ਦੇ ਢਾਬੇ ਤੇ ਛਾਪੇਮਾਰੀ ਕੀਤੀ ਤਾਂ ਉਸ ਸਮੇਂ ਢਾਬੇ ਦਾ ਮਾਲਕ ਸ਼ਿਵ ਸੈਨਾ ਆਗੂ ਅਜੇ ਕੁਮਾਰ ਢਾਬੇ ਦੇ ਅੰਦਰ ਮੌਜੂਦ ਸੀ ਅਤੇ ਢਾਬੇ ਦੀ ਤੀਸਰੀ ਮੰਜਿਲ ਤੋਂ ਇੱਕ ਜੋੜੇ ਨੂੰ ਇਤਰਾਜ਼ਯੋਗ ਹਾਲਤ ਵਿੱਚ ਗਿ੍ਫਤਾਰ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਪੁਲਿਸ ਨੇ ਢਾਬੇ ਦੇ ਮਾਲਕ ਅਜੇ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਦੀਨਾਨਗਰ ਦੇ ਇਲਾਵਾ ਇਤਰਾਜਯੋਗ ਹਾਲਤ ਵਿੱਚ ਕਾਬੂ ਕੀਤੇ ਗਏ ਜੋੜੇ ਅਤੇ ਢਾਬੇ ਨੂੰ ਲੜਕੀਆਂ ਸਪਲਾਈ ਕਰਨ ਵਾਲੀ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਔਰਤ ਦੇ ਖਿਲਾਫ ਇਮੌਰਲ ਐਕਟੀਵਿਟੀ ਐਕਟ 3, 4,5 ਤਹਿਤ ਮੁਕਦਮਾ ਦਰਜ ਕਰਕੇ ਢਾਬਾ ਮਾਲਕ ਅਜੇ ਕੁਮਾਰ ਅਤੇ ਇਤਰਾਜ਼ਯੋਗ ਹਾਲਤ ਵਿੱਚ ਫੜ੍ਹੇ ਗਏ ਜੋੜੇ ਨੂੰ ਗਿ੍ਫਤਾਰ ਕਰ ਲਿਆ ਹੈ ਜਦੋਂਕਿ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਔਰਤ ਫਰਾਰ ਹੈ। ਜਿਸਦੀ ਭਾਲ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਸ਼ੁਰ ਕਰ ਦਿੱਤੀ ਗਈ ਹੈ।

Posted By: Jagjit Singh