ਹਰਜਿੰਦਰ ਸਿੰਘ ਫ਼ਤਹਿਗੜ੍ਹ ਚੂੜੀਆਂ

ਸਥਾਨਕ ਕਸਬੇ ਦੇ ਨਜ਼ਦੀਕ ਸੰਧੂ ਹਸਪਤਾਲ ਵਾਲੀ ਗਲੀ ਵਿੱਚ ਰਹਿਣ ਵਾਲੇ ਵਸਨੀਕ ਸੀਵਰੇਜ ਬੰਦ ਹੋਣ ਦੇ ਕਾਰਨ ਕਰੀਬ ਦੋ ਢਾਈ ਮਹੀਨੇ ਤੋਂ ਨਰਕ ਦੀ ਜਿੰਦਗੀ ਬਤੀਤ ਕਰ ਰਹੇ ਹਨ। ਗਲੀ ਵਿੱਚ ਰਹਿਣ ਵਾਲਿਆਂ ਨੇ ਰੋਸ ਵਿੱਚ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਬਾਰ-ਬਾਰ ਸੀਵਰੇਜ ਬੰਦ ਹੋਣ ਦੀਆਂ ਸ਼ਿਕਾਇਤਾਂ ਐੱਸਡੀਓ ਹਰਪ੍ਰੀਤ ਸਿੰਘ ਅਤੇ ਸਬੰਧਿਤ ਜੇਈ ਨੂੰ ਕਰ ਚੁੱਕੇ ਹਨ, ਪਰ ਉਨ੍ਹਾਂ ਨੂੰ ਸੀਵਰੇਜ ਬੋਰਡ ਦੇ ਕਰਮਚਾਰੀ ਅਤੇ ਅਧਿਕਾਰੀ ਉਖੜੀ ਕੁਹਾੜੀ ਵਾਂਗ ਹੀ ਪਏ ਹਨ। ਡਾ. ਸੁਖਦੇਵ ਸਿੰਘ ਗਿੱਲ, ਡਾ. ਕੁਲਦੀਪ ਸਿੰਘ ਸੰਧੂ, ਹਰਚਰਨ ਸਿੰਘ, ਰਮੇਸ਼ ਸੋਨੀ, ਪਰਮਜੀਤ ਪਾਸੀ, ਡਾ. ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮਾਣਾਂ, ਡਾ. ਹਰਵਿੰਦਰ ਗਿੱਲ, ਡਾ. ਨਾਗੀ, ਨਰਿੰਦਰ ਪਾਸੀ, ਮਨਜੀਤ ਕੌਰ, ਲਖਬੀਰ ਸਿੰਘ, ਮਾ. ਜਗੀਰ ਸਿੰਘ, ਮਨਜੀਤ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸੀਵਰੇਜ ਬੰਦ ਹੋਣ ਦੇ ਕਾਰਨ ਗੰਦੇ ਪਾਣੀ ਦਾ ਲੈਵਲ ਉਚਾ ਹੋਣ ਨਾਲ ਸੀਵਰੇਜ ਦੇ ਢੱਕਣਾਂ ਤੋਂ ਪਾਣੀ ਬਾਹਰ ਆ ਰਿਹਾ ਹੈ, ਜੋ ਗਲੀ ਵਿੱਚ ਬਦਬੂ ਮਾਰਨ ਕਾਰਨ ਉਨ੍ਹਾਂ ਨੂੰ ਖਤਰਾ ਹੈ ਕਿ ਕਿਤੇ ਮਹਾਂਮਾਰੀ ਹੀ ਨਾਂ ਫੈਲ ਜਾਵੇ। ਉਕਤ ਕਰੀਬ ਪੰਦਰਾਂ ਪਰਿਵਾਰਾਂ ਨੇ ਪ੍ਰਭਾਵਿਤ ਹੋ ਕੇ ਕਿਹਾ ਕਿ ਸੀਵਰੇਜ ਬੰਦ ਹੋਣ ਕਾਰਨ ਉਨ੍ਹਾਂ ਨੂੰ ਗਲੀ ਵਿਚੋਂ ਲੰਘਣ ਲਗਿਆ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਬੋਰਡ ਦੇ ਟੋਲ ਫ੍ਰੀ ਨੰਬਰ ਤੇ ਉਨ੍ਹਾਂ ਵੱਲੋਂ ਸੀਵਰੇਜ ਬੰਦ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਅਤੇ ਲਿਖਤੀ ਅਰਜੀ ਵੀ ਦਿੱਤੀ ਗਈ ਹੈ, ਪਰ ਅੱਜ ਤੱਕ ਸੀਵਰੇਜ ਬੋਰਡ ਕਰਮਚਾਰੀਆਂ ਦੇ ਕੰਨ ਤੇ ਜੰੂ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਉਹ ਸੀਵਰੇਜ ਦਾ ਸਾਲਾਨਾ ਬਿੱਲ ਬਾਰਾਂ ਸੌ ਸੱਠ ਰੁਪਏ ਨਿਰਵਿਗਨ ਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਨਵੀਂ ਹਾਉਦੀ ਬਣਾਂਕੇ ਸੀਵਰੇਜ ਨੂੰ ਚਾਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਬਦਬੂ ਵਾਲੇ ਪਾਣੀ ਤੋਂ ਰਾਹਤ ਮਿੱਲ ਸਕੇ।