ਆਕਾਸ਼, ਗੁਰਦਾਸਪੁਰ : ਡੇਰਾ ਬਾਬਾ ਨਾਨਕ ਵਿਖੇ ਉਸਾਰੇ ਜਾ ਰਹੇ ਕਰਤਾਰਪੁਰ ਲਾਂਘੇ ਦਾ ਕੰਮ ਹੁਣ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਸਿਰਫ਼ ਕੁਝ ਹਫ਼ਤਿਆਂ ਬਾਅਦ ਉਹ ਇਤਿਹਾਸਕ ਦਿਹਾੜਾ ਵੀ ਆਉਣ ਵਾਲਾ ਹੈ ਜਦੋਂ ਕਰੀਬ 5000 ਸ਼ਰਧਾਲੂਆਂ ਦਾ ਪਹਿਲਾ ਜੱਥਾ ਪਾਕਿਸਤਾਨ ਸਥਿਤ ਪੰਥ ਤੋਂ ਵਿਛੜੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕਰੇਗਾ।

ਇਸਦੇ ਨਾਲ ਜਿਥੇ ਵਿਰੋਧੀ ਦੇਸ਼ਾਂ ਵਿਚਾਲੇ ਇਕ ਨਵੇਂ ਚੈਪਟਰ ਦੀ ਸ਼ੁਰੂਆਤ ਹੋਵੇਗੀ ਉਥੇ ਸੁਰੱਖਿਆ ਦਾ ਮੁੱਦਾ ਸਭ ਤੋਂ ਅਹਿਮ ਸਵਾਲ ਬਣਿਆ ਰਹੇਗਾ। ਹਰ ਵੇਲੇ ਸਰਹੱਦ 'ਤੇ ਚੌਕਸ ਰਹਿਣ ਵਾਲੀ ਬੀਐਸਐਫ ਡੇਰਾ ਬਾਬਾ ਨਾਨਕ ਵਿਖੇ ਇੰਟੈਗਰੇਟਿਡ ਚੈਕ ਪੋਸਟ ਦੁਆਲੇ ਸਖ਼ਤ ਸੁਰੱਖਿਆ ਘੇਰਾ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਪਰ ਸਰਕਾਰ ਵੱਲੋਂ ਇਨ੍ਹਾਂ ਜਵਾਨਾਂ ਲਈ ਰਿਹਾਇਸ਼ ਦਾ ਕੋਈ ਸਥਾਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਾਰਨ ਜਵਾਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ ਬੀਐਸਐਫ਼ ਵੱਲੋਂ ਦਿੱਲੀ, ਚੰਡੀਗੜ੍ਹ, ਅੰਮਿ੍ਤਸਰ ਅਤੇ ਗੁਰਦਾਸਪੁਰ ਦੇ ਇਲੈਕਟ੍ਰਾਨਿਕ ਤੇ ਪਿ੍ਰੰਟ ਮੀਡੀਆ ਨੂੰ ਜ਼ੀਰੋ ਲਾਈਨ 'ਤੇ ਲਿਜਾ ਕੇ ਕਰਤਾਰਪੁੁਰ ਲਾਂਘੇ ਦੇ ਚੱਲ ਰਹੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਉਜਾਗਰ ਹੋਏ ਕਈ ਪਹਿਲੂਆਂ ਦੌਰਾਨ ਪਤਾ ਲੱਗਾ ਕਿ ਲਾਂਘੇ ਦੀ ਸੁਰੱਖਿਆ ਨੂੰ ਲੈ ਕੇ ਬੀਐਸਐਫ ਅਧਿਕਾਰੀ ਪੂਰੀ ਤਰ੍ਹਾਂ ਗੰਭੀਰ ਹਨ। ਬੀਐਸਐਫ਼ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖਤੀ ਚਿੱਠੀ ਲਿਖ ਕੇ ਕਰੀਬ ਇਕ ਹਜ਼ਾਰ ਜਵਾਨਾਂ ਵਾਲੀ ਇਕ ਵਿਸ਼ੇਸ਼ ਬਟਾਲੀਅਨ ਭੇਜਣ ਦੀ ਮੰਗ ਕੀਤੀ ਹੈ ਜੋ ਸਿਰਫ਼ ਲਾਂਘੇ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲੇ।

ਦੱਸਣਯੋਗ ਹੈ ਕਿ ਬੀਐਸਐਫ ਅਧਿਕਾਰੀਆਂ ਲਈ ਸਿਰਫ਼ ਇੱਥੇ ਰੋਜ਼ਾਨਾ 25 ਤੋਂ 40 ਹਜ਼ਾਰ ਤਕ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਕਰਨਾ ਹੀ ਡਿਊਟੀ ਨਹੀਂ ਸਗੋਂ ਭਵਿੱਖ ਵਿਚ ਦੋਹਾਂ ਦੇਸ਼ਾਂ ਵਿਚਾਲੇ ਜੇ ਤਣਾਅਪੂਰਨ ਹਾਲਾਤ ਬਣਦੇ ਹਨ ਤਾਂ ਉਨ੍ਹਾਂ ਹਾਲਾਤਾਂ ਨਾਲ ਨਿਪਟਣਾ ਵੀ ਵੱਡੀ ਜ਼ਿੰਮੇਵਾਰੀ ਹੈ।

ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਇਸ ਮੰਗ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਅਤੇ ਛੇਤੀ ਹੀ ਵਿਸ਼ੇਸ਼ ਬਟਾਲੀਅਨ ਭੇਜੇ ਜਾਣ ਦੀ ਸੰਭਾਵਨਾ ਵੀ ਹੈ। ਇਥੇ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਜੇ 600 ਜਾਂ ਇਕ ਹਜ਼ਾਰ ਦੇ ਕਰੀਬ ਜਵਾਨਾਂ ਦੀ ਬਟਾਲੀਅਨ ਆ ਜਾਂਦੀ ਹੈ ਤਾਂ ਉਨ੍ਹਾਂ ਦੇ ਰਹਿਣ ਸਹਿਣ ਲਈ ਸਰਕਾਰ ਵੱਲੋਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਗਿਆ।

ਬੀਐਸਐਫ਼ ਦੇ ਉੱਚ ਅਧਿਕਾਰੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੇਸ਼ੱਕ ਸੁਰੱਖਿਆ ਡਿਊਟੀ ਵਿਚ ਲੱਗੇ ਜਵਾਨਾਂ ਲਈ ਪੱਕੇ ਕੁਆਰਟਰਾਂ/ ਰਿਹਾਇਸ਼ ਦੀ ਤਜਵੀਜ਼ ਰੱਖੀ ਗਈ ਹੈ ਪਰ ਲੈਂਡ ਪੋਰਟ ਅਥਾਰਟੀ ਨੇ ਫਿਲਲਹਾਲ ਇਹ ਰਿਹਾਇਸ਼ਗਾਹਾਂ ਉਸਾਰਨ ਤੋਂ ਆਪਣੇ ਹੱਥ ਖੜੇ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਕੰਮ ਤੀਸਰੇ ਫੇਜ਼ ਵਿਚ ਰੱਖਿਆ ਗਿਆ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਲਾਂਘੇ ਦੇ ਪਹਿਲਾ ਫੇਜ਼ ਦਾ ਕੰਮ ਹੀ ਚੱਲ ਰਿਹਾ ਹੈ, ਤੀਸਰੇ ਫੇਜ਼ ਦੀ ਵਾਰੀ ਕਦੋਂ ਆਵੇਗੀ, ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ। ਇਸ ਸਬੰਧੀ ਬੀਐਸਐਫ਼ ਅਧਿਕਾਰੀ ਚਿੰਤਤ ਹਨ ਅਤੇ ਆਪਣੇ ਜਵਾਨਾਂ ਨੂੰ ਦਿੱਕਤਾਂ ਤੋਂ ਬਚਾਉਣ ਲਈ ਉਨ੍ਹਾਂ ਵੱਲੋਂ ਬਾਰਡਰ ਆਊਟ ਪੋਸਟ ਸ਼ਿਕਾਰ ਮਾਛੀਆਂ ਵਿਖੇ ਟੈਂਟ ਸਿਟੀ ਉਸਾਰਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਕੁਆਰਟਰਾਂ ਦੀ ਸਮੱਸਿਆ ਹੱਲ ਹੋਵੇਗੀ : ਰੰਧਾਵਾ

ਕੈਬਨਿਟ ਮੰਤਰੀ ਅਤੇ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸੁਰੱਖਿਆ ਪਹਿਲੀ ਤਰਜੀਹ ਹੈ ਅਤੇ ਇਸ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਵਾਨਾਂ ਦੇ ਕੁਆਰਟਰਾਂ ਦੀ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਉਨ੍ਹਾਂ ਨੇ ਲੈਂਡ ਪੋਰਟ ਅਥਾਰਟੀ ਦੇ ਅਧਿਕਾਰੀਆਂ ਨੂੰ ਇਸ ਬਾਰੇ ਕਹਿ ਦਿੱਤਾ ਹੈ।