ਆਕਾਸ਼, ਗੁਰਦਾਸਪੁਰ

ਗੁਰਦਾਸਪੁਰ ਦੇ ਐੱਸਡੀਐੱਮ ਸਕੱਤਰ ਸਿੰਘ ਬੱਲ ਜਿਨਾਂ ਦੀ ਬਦਲੀ ਭੁੱਲਥ ਜ਼ਿਲਾ ਕਪੂਰਥਲਾ ਵਿਖੇ ਹੋਈ ਹੈ, ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਸਥਾਨਕ ਗੋਲਡਨ ਕਾਲਜ ਆਫ ਇੰਜੀਅਰਿੰਗ ਤੇ ਟੈਕਨਾਲੋਜੀ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੋਹਿਤ ਮਹਾਜਨ ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਟ, ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ ਕਾਊਸਲਰ ਗੁਰਦਾਸਪੁਰ, ਪ੍ਸ਼ੋਤਮ ਸਿੰਘ ਜਿਲਾ ਰੋਜਗਾਰ ਅਫਸਰ ਤੇ ਕਵਰਜੀਤ ਸਿੰਘ ਰੱਤੜਾ ਐਸ.ਡੀ.ਓ ਆਦਿ ਹਾਜਰ ਸਨ। ਇਸ ਮੌਕੇ ਬੱਲ ਨੇ ਕਿਹਾ ਕਿ ਉਨਾਂ ਪਿਛਲੇ ਚਾਰ ਸਾਲ ਤੋਂ ਗੁਰਦਾਸਪੁਰ ਜਿਲੇ ਅੰਦਰ ਬਤੌਰ ਵਧੀਕ ਡਿਪਟੀ ਕਮਿਸ਼ਨਰ (ਜ), ਐਸ.ਡੀ.ਐਮ ਡੇਰਾ ਬਾਬਾ ਨਾਨਕ, ਕਲਾਨੋਰ, ਦੀਨਾਨਗਰ ਤੇ ਗੁਰਦਾਸਪੁਰ ਵਿਖੇ ਸੇਵਾਵਾਂ ਨਿਭਾਈਆਂ ਹਨ ਅਤੇ ਉਨਾਂ ਦੀ ਹਮੇਸ਼ਾ ਕੋਸ਼ਿਸ ਰਹੀ ਹੈ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤਕ ਸੁਚਾਰੂ ਢੰਗ ਨਾਲ ਪੁਹੰਚ ਸਕੇ। ਉਨਾਂ ਕਿਹਾ ਕਿ ਉਨਾਂ ਦੇ ਦਫਤਰ ਵਿਚ ਜੋ ਵੀ ਲੋਕ ਕੰਮਕਾਰ ਲਈ ਆਉਂਦੇ ਸਨ ਉਹ ਪਹਿਲ ਦੇ ਆਧਾਰ ਤੇ ਉਨਾਂ ਦੀ ਮੁਸ਼ਕਿਲ ਹੱਲ ਕਰਨ ਨੂੰ ਤਰਜੀਹ ਦਿੰਦੇ ਸਨ। ਉਨਾਂ ਕਿਹਾ ਕਿ ਗੁਰਦਾਸਪੁਰ ਜਿਲੇ ਦੇ ਲੋਕਾਂ ਨੇ ਵੀ ਹਮੇਸ਼ਾ ਉਨਾਂ ਨੂੰ ਪਿਆਰ ਤੇ ਸਤਿਕਾਰ ਦਿੱਤਾ, ਜਿਨਾਂ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਇਸ ਮੌਕੇ ਚੇਅਰਮੈਨ ਮੋਹਿਤ ਮਹਾਜਨ ਵਲੋਂ ਬੱਲ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨਾਂ ਵਲੋ ਲੋਕਾਂ ਨੂੰ ਪ੍ਦਾਨ ਕੀਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਜਿੰਦਗੀ ਵਿਚ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹਣ। ਇਸ ਮੌਕੇ ਗੋਲਡਨ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਤੇ ਅਧਿਕਾਰੀਆਂ ਵਲੋਂ ਬੱਲ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।