ਆਕਾਸ਼, ਗੁਰਦਾਸਪੁਰ : ਸਿਹਤ ਵਿਭਾਗ ਦੇ ਅਧੀਨ ਕੰਮ ਕਰ ਰਹੇ ਐੱਨਐੱਚਐੱਮ ਵਿਭਾਗ ’ਚ ਕੋਰੋਨਾ ਤੇ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਲਾਏ ਗਏ ਵਾਹਨਾਂ ਵਿਚ ਕਰੋੜਾਂ ਰੁਪਏ ਦੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸਿਵਲ ਸਰਜਨ ਦੀਆਂ ਹਦਾਇਤਾਂ ’ਤੇ ਮਾਮਲੇ ਦੀ ਜਾਂਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੂੰ ਸੌਂਪ ਦਿੱਤੀ ਗਈ ਹੈ। ਜਿਨ੍ਹਾਂ ਨੇ ਐੱਨਐੱਚਐੱਮ ਦੀ ਜ਼ਿਲ੍ਹਾ ਲੇਖਾਕਾਰ ਦੀਪਿਕਾ ਭੱਲਾ ਨੂੰ ਰਿਕਾਰਡ ਸਮੇਤ ਤਲਬ ਕੀਤਾ ਹੈ।

ਧਿਆਨਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ 2020 ਵਿਚ ਕੋਰੋਨਾ ਸਮੇਂ ਦੌਰਾਨ ਮਰੀਜ਼ਾਂ ਨੂੰ ਲਿਆਉਣ ਤੇ ਲੈ ਕੇ ਜਾਣ ਲਈ ਪ੍ਰਾਈਵੇਟ ਗੱਡੀਆਂ ਕਿਰਾਏ ’ਤੇ ਲਏ ਗਏ ਸਨ। ਸੂਤਰਾਂ ਅਨੁਸਾਰ ਇਸ ਸਕੀਮ ਤਹਿਤ ਦਸ ਗੱਡੀਆਂ ਲਾਈਆਂ ਗਈਆਂ ਸਨ ਜਿਹਨਾਂ ਦੀ ਮਿਆਦ ਦੋ ਮਹੀਨੇ ਰੱਖੀ ਗਈ ਸੀ। ਬਾਅਦ ਵਿਚ ਵਿਭਾਗੀ ਮੁਲਾਜ਼ਮਾਂ ਦੀ ਮਿਲੀਭੁਗਤ ਕਾਰਨ ਇਨ੍ਹਾਂ ਨੂੰ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਵਿਚ ਤਬਦੀਲ ਕਰ ਕੇ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਚਲਾਇਆ ਜਾ ਰਿਹਾ ਹੈ। ਇਸ ਸਕੀਮ ਤਹਿਤ ਹਰ ਮਹੀਨੇ ਕਰੀਬ 7 ਲੱਖ ਰੁਪਏ ਡਰਾਈਵਰਾਂ ਨੂੰ ਅਦਾ ਕੀਤੇ ਜਾਂਦੇ ਸਨ ਤੇ ਹੁਣ ਤੱਕ ਕਰੋੜਾਂ ਰੁਪਏ ਦਾ ਘਪਲਾ ਹੋਣ ਦੇ ਆਸਾਰ ਹਨ।

ਮੁੱਢਲੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਵਿਭਾਗ ਵਿਚ ਕੰਮ ਕਰ ਰਹੇ ਅਧਿਕਾਰੀ ਨੇ ਇਸ ਯੋਜਨਾ ਤਹਿਤ ਬਿਨਾਂ ਟੈਂਡਰ ਲਏ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਗੱਡੀਆਂ ਕਿਰਾਏ ’ਤੇ ਲੈ ਲਈਆਂ ਸਨ। ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਇਸ ਦਾ ਪਤਾ ਲੱਗਦਿਆਂ ਹੀ ਪੂਰੇ ਮਾਮਲੇ ਦੀ ਜਾਂਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਤੇ ਕਲਾਨੌਰ ਦੇ ਐਸਐਮਓ ਡਾ. ਲਖਵਿੰਦਰ ਸਿੰਘ ਅਠਵਾਲ ਨੂੰ ਸੌਂਪ ਦਿੱਤੀ ਹੈ, ਜਿਨ੍ਹਾਂ ਨੇ ਐੱਨਐੱਚਐੱਮ ਵਿਭਾਗ ਦੀ ਜ਼ਿਲ੍ਹਾ ਲੇਖਾਕਾਰ ਦੀਪਿਕਾ ਭੱਲਾ ਨੂੰ ਰਿਕਾਰਡ ਸਮੇਤ ਤਲਬ ਕੀਤਾ ਹੈ।

ਜ਼ਿਕਰਯੋਗ ਹੈ ਕਿ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਸਿਰਫ਼ ਉਨ੍ਹਾਂ ਹਸਪਤਾਲਾਂ ਨੂੰ ਵਾਹਨ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਜਿੱਥੇ ਰੋਜ਼ਾਨਾ 150 ਜਾਂ ਇਸ ਤੋਂ ਵੱਧ ਗਰਭਵਤੀ ਔਰਤਾਂ ਦੀ ਡਲਿਵਰੀ ਹੁੰਦੀ ਹੈ। ਵਿਭਾਗ ਵੱਲੋਂ ਜ਼ਿਲ੍ਹੇ ਦੇ ਕਈ ਅਜਿਹੇ ਹਸਪਤਾਲਾਂ ਦੇ ਨਾਂ ’ਤੇ ਬਿੱਲ ਵੀ ਬਣਾ ਦਿੱਤੇ ਗਏ, ਜਿੱਥੇ ਡਿਲੀਵਰੀ ਨਾਂ-ਮਾਤਰ ਹੈ। ਇੱਥੋਂ ਸਿਵਲ ਸਰਜਨ ਨੂੰ ਵੀ ਇਸ ਮਾਮਲੇ ਵਿਚ ਗ਼ਲਤ ਕੰਮ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ।

ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਲਖਵਿੰਦਰ ਸਿੰਘ ਅਠਵਾਲ ਨੇ ਦੱਸਿਆ ਕਿ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਲਗਾਏ ਗਏ ਦਸ ਦੇ ਕਰੀਬ ਵਾਹਨਾਂ ਵਿਚ ਗੜਬੜੀ ਹੋਣ ਦੇ ਖ਼ਦਸ਼ੇ ਕਾਰਨ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਸਿਵਲ ਸਰਜਨ ਵੱਲੋਂ ਸੌਂਪੀ ਗਈ ਹੈ। ਇਸ ਸਕੀਮ ਤਹਿਤ ਉਨ੍ਹਾਂ ਹਸਪਤਾਲਾਂ ਵਿਚ ਵਾਹਨ ਦਿੱਤੇ ਜਾ ਸਕਦੇ ਸਨ ਜਿੱਥੇ ਰੋਜ਼ਾਨਾ ਦੀ ਡਲਿਵਰੀ 150 ਕੇਸ ਹੁੰਦੇ ਹਨ। ਅਜਿਹੇ ਹਸਪਤਾਲ ਸਿਰਫ਼ ਜ਼ਿਲ੍ਹਾ ਗੁਰਦਾਸਪੁਰ ਅਤੇ ਬਟਾਲਾ ਵਿਚ ਆਉਂਦੇ ਹਨ। ਇਸ ਮਾਮਲੇ ਵਿਚ ਐੱਨਐੱਚਐੱਮ ਦੀ ਜ਼ਿਲ੍ਹਾ ਲੇਖਾਕਾਰ ਦੀਪਿਕਾ ਭੱਲਾ ਨੂੰ ਸਾਰੇ ਰਿਕਾਰਡ ਸਮੇਤ ਤਲਬ ਕਰ ਕੇ ਪੁੱਛਿਆ ਗਿਆ ਹੈ ਕਿ ਵਾਹਨਾਂ ਦੇ ਟੈਂਡਰ ਕਦੋਂ ਹੋਏ? ਕਿਸ ਅਧਿਕਾਰੀ ਦੀ ਸਹਿਮਤੀ ਨਾਲ ਹੋਏ? ਕਿੰਨੇ ਸਮੇਂ ਲਈ ਆਦਿ ਦੀ ਸਾਰੀ ਜਾਣਕਾਰੀ ਲਈ ਜਾਵੇਗੀ। ਉਸ ਨੂੰ ਸੋਮਵਾਰ ਨੂੰ ਜਾਂਚ ਵਿਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।

ਦੂਜੇ ਪਾਸੇ ਸੰਪਰਕ ਕਰਨ ’ਤੇ ਐੱਨਐੱਚਐੱਮ ਦੀ ਜ਼ਿਲ੍ਹਾ ਲੇਖਾਕਾਰ ਦੀਪਿਕਾ ਭੱਲਾ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਭਲਾਈ ਅਫ਼ਸਰ ਡਾ. ਲਖਵਿੰਦਰ ਸਿੰਘ ਅਠਵਾਲ ਨੂੰ ਮਾਮਲੇ ਦੀ ਜਾਂਚ ਲਈ ਬੁਲਾਇਆ ਹੈ। ਉਹ ਜਾਂਚ ਵਿਚ ਸ਼ਾਮਲ ਹੋ ਕੇ ਆਪਣਾ ਪੱਖ ਪੇਸ਼ ਕਰੇਗੀ।

Posted By: Shubham Kumar