ਆਕਾਸ਼, ਗੁਰਦਾਸਪੁਰ

ਦਰਜਨ ਦੇ ਕਰੀਬ ਦਲਿਤ ਪਰਿਵਾਰਾਂ ਨੇ ਪੰਜਾਬ ਰਾਜ ਐੱਸਸੀ ਕਮਿਸ਼ਨ ਦੇ ਮੈਂਬਰ ਡਾ. ਟੀਐੱਸ ਸਿਆਲਕਾ ਨੂੰ ਮਿਲ ਕੇ ਗ੍ਰਾਮ ਪੰਚਾਇਤ ਪਿੰਡ ਬੋਝੇ ਅਤੇ ਸਰਕਾਰੀ ਅਮਲੇ ਦੇ ਖ਼ਿਲਾਫ਼ ਦਿੱਤੀ ਸੀ। ਸ਼ਕਾਇਤ 'ਚ ਉਨ੍ਹਾਂ ਨੂੰ ਅਣਸੁਣਿਆਂ ਕਰਨ ਅਤੇ ਗੰਦੇ ਪਾਣੀ ਦੀ ਨਿਕਾਸੀ 'ਤੇ ਰੋਕ ਲਗਾਉਣ ਦਾ ਮੁੱਦਾ ਉਠਾਇਆ ਹੈ।

ਚੇਤੇ ਰਹੇ ਕਿ ਬਲਾਕ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਝੇ ਦੇ ਵਸਨੀਕ ਦਰਜਨ ਦੇ ਕਰੀਬ ਅਨੁਸੂਚਿਤ ਜਾਤੀ ਦੇ ਨਾਲ ਸਬੰਧਿਤ ਪਰਿਵਾਰਾਂ ਨੇ ਪੰਚਾਇਤ ਦੁਆਰਾ ਦਲਿਤਾਂ ਦੇ ਘਰਾਂ ਦੇ ਸਾਹਮਣੇ ਗਲੀ ਦਾ ਲੇਵਲ ਸਾਢੇ 3 ਫੁੱਟ ਉੱਚਾ ਕਰ ਕੇ ਘਰਾਂ 'ਚੋਂ ਨਿਕਲਣ ਵਾਲੇ ਗੰਦੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਕਰਨ ਦੇ ਦੋਸ਼ ਲਾਏ ਹਨ।

ਅੱਜ ਇਥੇ ਪ੍ਰਭਾਵਿਤ ਦਲਿਤ ਪਰਿਵਾਰਾਂ ਦੇ ਮੁਖੀ ਗੁਰਨਾਮ ਸਿੰਘ, ਸਵਰਨ ਸਿੰਘ, ਗੁਰਮੀਤ ਕੌਰ, ਬਲਵਿੰਦਰ ਕੌਰ, ਲਖਵਿੰਦਰ ਸਿੰਘ, ਕਵਲਜੀਤ ਕੌਰ, ਭਜਨ ਸਿੰਘ ਅਤੇ ਰਣਜੀਤ ਸਿੰਘ ਆਦਿ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੂੰ ਮਿਲਣ ਉਪਰੰਤ ਲਿਖਤੀ ਸ਼ਿਕਾਇਤ ਦਿੱਤੀ। ਉਨ੍ਹਾਂ ਦੱਸਿਆ ਕਿ ਬਲਾਕ ਸ੍ਰੀ ਹਰਗੋਬਿੰਦਪੁਰ ਦੇ ਅਮਲੇ ਅਤੇ ਗ੍ਰਾਮ ਪੰਚਾਇਤ ਪਿੰਡ ਬੋਝੇ ਵੱਲੋਂ ਦਲਿਤਾਂ ਨਾਲ ਵਿਤਕਰਾ ਕਰਨ, ਘਰਾਂ 'ਚੋਂ ਨਿਕਲਣ ਵਾਲੇ ਗੰਦੇ ਪਾਣੀ ਦੀ ਨਿਕਾਸੀ ਨੂੰ ਪ੍ਰਭਾਵਿਤ ਕਰਨ, ਗਲੀ ਦਾ ਲੇਵਲ ਘਰਾਂ ਨਾਲੋਂ ਜ਼ਿਆਦਾ ਉੱਚਾ ਕਰ ਕੇ ਲਾਂਘੇ ਨੂੰ ਪ੍ਰਭਾਵਿਤ ਕਰਦਿਆਂ ਦਲਿਤ ਪਰਿਵਾਰਾਂ ਨੂੰ 'ਗੰਦਗੀ' 'ਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਬਾਰਸਾਂ ਵੇਲੇ ਉਨ੍ਹਾਂ ਦੇ ਘਰਾਂ 'ਚ ਤਾਂ ਪਾਣੀ ਭਰਨਾ ਹੀ ਹੈ, ਹੁਣ ਲੈਟਰੀਨ, ਬਾਥਰੂਮ ਦਾ ਪਾਣੀ ਘਰਾਂ 'ਚ ਸਟੋਰ ਕਰ ਕੇ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇਣ ਲਈ ਮਜਬੂਰ ਹਨ।

-ਡਾ. ਸਿਆਲਕਾ ਨੇ ਲਿਆ ਗੰਭੀਰ ਨੋਟਿਸ

ਪੰਜਾਬ ਰਾਜ ਐੱਸਸੀ ਕਮਿਸਨ ਦੇ ਮੈਂਬਰ ਡਾ. ਸਿਆਲਕਾ ਨੇ ਸ਼ਿਕਾਇਤ ਕਰਤਾਵਾਂ ਨੂੰ ਸੁਣਨ ਉਪਰੰਤ ਮੌਕੇ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਫੋਨ 'ਤੇ ਹਦਾਇਤਾਂ ਦੇਣ ਤੋਂ ਬਾਅਦ ਪ੍ਰਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੜਾ ਹੀ ਸੰਜੀਦਾ ਮਸਲਾ ਕਮਿਸ਼ਨ ਦੇ ਧਿਆਨ 'ਚ ਲਿਆਂਦਾ ਗਿਆ ਹੈ। ਜਿਸ 'ਚ ਦਰਜਨ ਦੇ ਕਰੀਬ ਦਲਿਤ ਪਰਿਵਾਰਾਂ ਨਾਲ ਜ਼ਿਆਦਤੀ ਹੋਣ ਬਾਰੇ ਕੀਤੇ ਖ਼ੁਲਾਸੇ ਅਤੇ ਗੰਦੇ ਪਾਣੀ ਦੀ ਨਿਕਾਸੀ 'ਤੇ ਲਗਾਈ ਰੋਕ ਸੰਗੀਨ ਅਪਰਾਧ ਹੈ। ਕਮਿਸ਼ਨ ਪਿੰਡ ਬੌਝੇ ਵਿਖੇ ਮੌਕਾ ਮੁਆਇਨਾ ਕਰਨ ਲਈ ਪੰਜਾਬ ਰਾਜ ਐੱਸਸੀ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਰਿਟਾ. ਆਈਏਐੱਸ ਦੇ ਨਾਲ ਚਰਚਾ ਕਰੇਗਾ ਅਤੇ ਕਮਿਸ਼ਨ ਦੀ ਟੀਮ ਪਿੰਡ ਪਹੁੰਚ ਕੇ ਦਲਿਤ ਪੀੜਤ ਪਰਿਵਾਰਾਂ ਦੀ ਸੁਣਵਾਈ ਕਰੇਗੀ।