ਨੀਟਾ ਮਾਹਲ, ਕਾਦੀਆਂ

ਬੇਸ਼ੱਕ ਸਿਹਤ ਵਿਭਾਗ ਵੱਲੋਂ ਆਏ ਦਿਨ ਹੀ ਛਾਪੇਮਾਰੀ ਕਰ ਕੇ ਸ਼ਹਿਰ ਦੇ ਅੰਦਰੋਂ ਗਲੇ ਸੜੇ ਫਲ ਫਰੂਟ ਵੇਚਣ ਵਾਲੇ ਅਤੇ ਸਬਜ਼ੀਆਂ ਵੇਚਣ ਵਾਲਿਆਂ ਵਿਰੁੱਧ ਸ਼ਕਿੰਜਾ ਕੱਸ ਕੇ ਉਨ੍ਹਾਂ ਦੇ ਦੁਕਾਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਆਪਣੀਆਂ ਦੁਕਾਨਾਂ ਉੱਪਰ ਗਲਿਆ ਸੜਿਆ ਫਲ ਫਰੂਟ ਤੇ ਸਬਜੀਆਂ ਦੀ ਵਿਕਰੀ ਨਾ ਕਰਨ ਪਰ ਇਸ ਦੇ ਬਾਵਜੂਦ ਵੀ ਸ਼ਹਿਰ ਕਾਦੀਆਂ ਦੇ ਅੰਦਰ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਰੱਖਿਆ ਗਲਿਆ ਸੜਿਆ ਫਲ ਫਰੂਟ ਵੇਚਿਆ ਜਾ ਰਿਹਾ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਹੁਣ ਇੱਥੇ ਸੋਚਣਾ ਇਹ ਬਣਦਾ ਹੈ ਕਿ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਕਰਨ ਤੋਂ ਬਾਅਦ ਅਤੇ ਦੁਕਾਨਦਾਰਾਂ ਨੂੰ ਹਦਾਇਤਾਂ ਤਾੜਨਾ ਦੇਣ ਦੇ ਬਾਵਜੂਦ ਵੀ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਉੱਪਰ ਗਲਿਆ-ਸੜਿਆ ਫੱਲ ਫਰੂਟ ਰੱਖ ਕੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਉੱਪਰ ਸਿਹਤ ਮਹਿਕਮੇ ਦਾ ਡਰ ਖ਼ਤਮ ਹੋ ਚੁੱਕਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਸ਼ਹਿਰ ਦੇ ਕੁਝ ਦੁਕਾਨਦਾਰਾਂ ਵੱਲੋਂ ਗਲੀਆਂ ਸੜੀਆਂ ਸਬਜ਼ੀਆਂ ਅਤੇ ਫਲ ਫਰੂਟ ਪੰਜਾਬ ਨੈਸ਼ਨਲ ਬੈਂਕ ਅਤੇ ਪੁਰਾਣੀ ਸਬਜ਼ੀ ਮੰਡੀ ਦੇ ਨਜ਼ਦੀਕ ਵਾਈਟ ਐਵਨਿਊ ਕਲੋਨੀ ਅਤੇ ਅਹਿਮਦੀਆ ਮੁਸਲਿਮ ਜਮਾਤ ਵੱਲੋਂ ਬਣਾਏ ਗਏ ਨੂਰ ਹਸਪਤਾਲ ਦੇ ਨਜ਼ਦੀਕ ਸੁੱਟਿਆ ਜਾ ਰਿਹਾ ਹੈ। ਜਿਸ ਉੱਪਰੋਂ ਰੋਜਾਨਾ ਉੱਠਦੀ ਗੰਦਗੀ ਭਰੀ ਬਦਬੂ ਤੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਰਾਹਗੀਰਾਂ ਨੇ ਦੱਸਿਆ ਕਿ ਗਲੇ ਸੜੇ ਫਲ ਫਰੂਟ ਤੇ ਸਬਜੀਆਂ ਨੂੰ ਖਾ ਕੇ ਅਵਾਰਾ ਪਸ਼ੂ ਅਤੇ ਆਵਾਰਾ ਕੁੱਤੇ ਵੀ ਬੀਮਾਰ ਹੋ ਰਹੇ ਹਨ ਅਤੇ ਜਿਸ ਦਾ ਹਰਜਾਨਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਸਬੰਧੀ ਕੁੱਝ ਮੋਹਤਬਰ ਲੋਕਾਂ ਅਤੇ ਸਥਾਨਕ ਸਮਾਜ ਸੇਵਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਨ੍ਹਾਂ ਗਲੇ ਸੜੇ ਫਲ ਫਰੂਟ ਸਬਜੀਆਂ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਹ ਕਿਸੇ ਵੀ ਇਨਸਾਨੀ ਜਿੰਦਗੀ ਨਾਲ ਖਿਲਵਾੜ ਨਾ ਕਰ ਸਕਣ।