ਸੁਖਦੇਵ ਸਿੰਘ, ਬਟਾਲਾ : ਬਟਾਲਾ ਦੇ ਨਜ਼ਦੀਕ ਅੱਡਾ ਹਰਚਰਨਪੁਰਾ ਬੁਲੋਵਾਲ ਇਕ ਮੋਟਰਸਾਈਕਲ ਨੂੰ ਅਣਪਛਾਤੇ ਵਾਹਨ ਵੱਲੋਂ ਆਪਣੀ ਲਪੇਟ 'ਚ ਲੈ ਲੈਣ ਨਾਲ ਮੋਟਰਸਾਈਕਲ ਸਵਾਰ ਨੌਜਵਾਨਾਂ 'ਚੋਂ ਇਕ ਦੀ ਮੌਤ ਤੇ ਇਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਘਣੀਏ ਕੇ ਬਾਂਗਰ ਦੇ ਐੱਸਐੱਚਓ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਵਰਿੰਦਰ ਮਸੀਹ ਪੁੱਤਰ ਧੀਰਾ ਵਾਸੀ ਸਪਰਾਏ ਕਲਾਨੌਰ ਆਪਣੇ ਇਕ ਹੋਰ ਸਾਥੀ ਆਸ਼ੂ ਪੁੱਤਰ ਸੁੱਖਾ ਵਾਸੀ ਸ਼ਾਸਤਰੀ ਨਗਰ ਬਟਾਲਾ ਦੇ ਨਾਲ ਆਪਣੇ ਰਿਸ਼ਤੇਦਾਰ ਦੀ ਬੇਟੀ ਦੇ ਵਿਆਹ ਕਾਦੀਆਂ ਰਾਜਪੁਤ ਆਇਆ ਹੋਇਆ ਸੀ ਅਤੇ ਉਥੋਂ ਸਵੇਰੇ ਅੱਜ ਬਟਾਲਾ ਕੁੱਝ ਸਮਾਨ ਲੈਣ ਆ ਰਿਹਾ ਸੀ ਕਿ ਹਰਚਰਨਪੁਰਾ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਉਹ ਦੋਵੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜਦ ਉਕਤ ਦੋਵਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ 'ਚ ਪਹੰੁਚਾਇਆ ਤਾਂ ਡਾਕਟਰਾਂ ਨੇ ਵਰਿੰਦਰ ਮਸੀਹ ਉਮਰ 25 ਸਾਲ ਨੂੰ ਮਿ੍ਤਕ ਐਲਾਨ ਕਰ ਦਿੱਤਾ ਜਦ ਕਿ ਦੂਸਰੇ ਨੌਜਵਾਨ ਆਸ਼ੂ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕ ਵਰਿੰਦਰ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਘਣੀਏ ਕੇ ਬਾਂਗਰ 'ਚ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।