ਪੰਜਾਬੀ ਜਾਗਰਣ ਟੀਮ, ਤਰਨਤਾਰਨ / ਝਬਾਲ/ ਭਿੱਖੀਵਿੰਡ/ ਗੁਰਦਾਸਪੁਰ : ਪੰਜਾਬ ਵਿਚ ਅੱਤਵਾਦੀ ਸਰਗਰਮੀਆਂ ਵਧਣ ਦੇ ਚਲਦਿਆਂ ਸਰਕਾਰ ਵੱਲੋਂ ਕੀਤੇ ਗਏ ਹਾਈ ਅਲਰਟ ਦੇ ਚਲਦਿਆਂ ਸੂਬੇ ਦੇ ਸਰਹੱਦੀ ਇਲਾਕਿਆਂ ’ਚ ਚੌਕਸੀ ਵਧਾ ਦਿੱਤੀ ਗਈ ਹੈ। ਤਰਨਤਾਰਨ ਤੇ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ’ਚ ਪੁਲਿਸ ਬਲ ਹੋਰ ਜ਼ਿਆਦਾ ਚੌਕਸ ਹੋ ਗਏ ਹਨ।

ਤਰਨਤਾਰਨ ਦੇ ਸਰਹੱਦੀ ਇਲਾਕਿਆਂ ’ਚ ਵਿਸ਼ੇਸ਼ ਨਾਕੇਬੰਦੀ : ਤਰਨਤਾਰਨ ਪੁਲਿਸ ਨੇ ਸਰਹੱਦੀ ਖੇਤਰ ਵਿਚ ਚੌਕਸੀ ਵਧਾਉਣ ਦਾ ਦਾਅਵਾ ਕੀਤਾ ਹੈ। ਪਾਕਿਸਤਾਨ ਨਾਲ ਲੱਗਦੇ ਪੰਜ ਥਾਣਾ ਖੇਤਰਾਂ ’ਚ ਦੇਸ਼ ਵਿਰੋਧੀ ਸਰਗਰਮੀਆਂ ਨੂੰ ਨੱਥ ਪਾਉਣ ਦੇ ਲਈ ਪੁਲਿਸ ਨੇ ਜਿੱਥੇ ਵਿਸ਼ੇਸ਼ ਨਾਕੇਬੰਦੀ ਕਰਨ ਦੀ ਗੱਲ ਕਹੀ ਹੈ ਉੱਥੇ ਹੀ ਜ਼ਿਲ੍ਹੇ ’ਚ ਦਾਖ਼ਲ ਹੋਣ ਅਤੇ ਬਾਹਰ ਜਾਣ ਵਾਲੇ ਰਸਤਿਆਂ ’ਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਤਰਨਤਾਰਨ ਜ਼ਿਲ੍ਹੇ ’ਚ ਪਾਕਿਸਤਾਨ ਸਰਹੱਦ ਨੇੜੇ ਪੈਂਦੇ ਥਾਣਾ ਸਰਾਏ ਅਮਾਨਤ ਖ਼ਾਂ, ਖਾਲੜਾ, ਵਲਟੋਹਾ, ਖੇਮਕਰਨ ਅਤੇ ਥਾਣਾ ਸਦਰ ਪੱਟੀ ’ਚ ਕੰਡਿਆਲੀ ਤਾਰ ਦੇ ਪਾਰੋਂ ਹੋਣ ਵਾਲੀਆਂ ਹਰਕਤਾਂ ਨੂੰ ਰੋਕਣ ਲਈ ਜਿੱਥੇ ਬੀਐੱਸਐੱਫ ਡਟੀ ਹੈ ਉੁਥੇ ਹੀ ਪਿਛਲੇ ਕੁਝ ਦਿਨਾਂ ਤੋਂ ਵਧੀਆਂ ਡ੍ਰੋਨ ਦੀਆਂ ਸਰਗਰਮੀਆਂ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੀ ਮੁਸਤੈਦ ਹੋ ਗਈ ਹੈ। ਡੀਐੱਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਥਾਣਿਆਂ ਸਰਾਏ ਅਮਾਨਤ ਖਾਂ, ਖਾਲੜਾ, ਖੇਮਕਰਨ, ਵਲਟੋਹਾ ਤੇ ਸਦਰ ਪੱਟੀ ਦੇ ਖੇਤਰ ’ਚ ਵਿਸ਼ੇਸ਼ ਫੋਰਸ ਲਾ ਕੇ ਰਾਤ ਦੀ ਨਾਕੇਬੰਦੀ ਕੀਤੀ ਕੀਤੀ ਗਈ ਹੈ, ਜੋ ਤੜਕੇ ਤਕ ਜਾਰੀ ਰਹਿੰਦੀ ਹੈ। ਜਦੋਂਕਿ ਦਿਨ ਵੇਲੇ ਵੀ ਲੋੜ ਮੁਤਾਬਕ ਵਰਦੀ ਅਤੇ ਬਿਨਾ ਵਰਦੀ ਦੇ ਪੁਲਿਤ ਤਾਇਨਾਤ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ’ਚ ਦਾਖ਼ਲ ਹੋਣ ਵਾਲੇ ਅਤੇ ਬਾਹਰ ਜਾਣ ਵਾਲੇ ਰਸਤਿਆਂ ’ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਧਰ ਪੱਤਰਕਾਰਾਂ ਨੂੰ ਤਰਨਤਾਰਨ ਜ਼ਿਲ੍ਹੇ ’ਚ ਕਈ ਥਾਈਂ ਸੜਕਾਂ ’ਤੇ ਕੋਈ ਪੁਲਿਸ ਜਾਂ ਨਾਕੇਬੰਦੀ ਨਜ਼ਰ ਨਹੀਂ ਆਈ।

ਗੁਰਦਾਸਪੁਰ ਪੁਲਿਸ਼ ਨੇ ਲਾਏ 40 ਨਾਕੇ : ਚਾਰ ਅੱਤਵਾਦੀਆਂ ਦੀ ਗਿ੍ਫ਼ਤਾਰੀ ਪਿੱਛੋਂ ਪੂਰੇ ਪੰਜਾਬ ’ਚ ਹਾਈ ਅਲਰਟ ਦੇ ਐਲਾਨ ਮਗਰੋਂ ਪੁਲਿਸ ਬਲ ਵਧੇਰੇ ਮੁਸਤੈਦ ਹੋ ਗਿਆ ਹੈ। ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅੰਦਰ ਵੀ ਵੱਖ ਵੱਖ ਸੁਰੱਖਿਆ ਏਜੰਸੀਆਂ ਹਾਈ ਅਲਰਟ ਮੋਡ ’ਤੇ ਆ ਗਈਆਂ ਹਨ। ਐੱਸਐੱਸਪੀ ਗੁਰਦਾਸਪੁਰ ਡਾ. ਨਾਨਕ ਸਿੰਘ ਨੇ ‘ਪੰਜਾਬੀ ਜਾਗਰਣ’ ਨੂੰ ਦੱਸਿਆ ਕਿ ਜ਼ਿਲ੍ਹੇ ਅੰਦਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਵੱਖ ਥਾਵਾਂ ’ਤੇ 40 ਵਿਸ਼ੇਸ਼ ਨਾਕੇ ਲਾਏ ਗਏ ਹਨ। ਸਰਹੱਦ ਦੇ ਨਜ਼ਦੀਕ ਪੈਂਦੇ ਥਾਣਿਆਂ ਅਧੀਨ ਪਿੰਡਾਂ ’ਚ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜਨਤਕ ਥਾਵਾਂ ‘ਤੇ ਲਾਵਾਰਿਸ ਤੇ ਸ਼ੱਕੀ ਵਾਹਨਾਂ ਉੱਪਰ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ। ਇਸੇ ਤਰ੍ਹਾਂ ਬੀਐੱਸਐੱਫ ਸਰਕਲ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਕੌਮਾਂਤਰੀ ਸਰਹੰਦ ’ਤੇ ਉਨ੍ਹਾਂ ਦੇ ਜਵਾਨ ਰਾਤ-ਦਿਨ ਪੂਰੀ ਤਰ੍ਹਾਂ ਮੁਸਤੈਦ ਹਨ। ਇਸੇ ਦੌਰਾਨ ਅੱਜ ਬੀਐਸਐਫ ਦੀ ਆਈਜੀ ਸੋਨਾਲੀ ਮਿਸ਼ਰਾ ਵੱਲੋਂ ਵੀ ਸਰਹੱਦੀ ਪੱਟੀ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

Posted By: Jagjit Singh