ਤਾਰਿਕ ਅਹਿਮਦ, ਕਾਦੀਆਂ : ਮੈਡੀਕਲ ਅਫਸਰ ਡਾ. ਸ਼ੁਭਨੀਤ ਕੁਮਾਰ ਤੇ ਮੈਡੀਕਲ ਅਫ਼ਸਰ ਡਾ. ਪਲਵੀ ਤੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਤੇ ਸਮੁੱਚੀ ਟੀਮ ਵੱਲੋਂ ਐੱਚਆਈਵੀ ਜਾਗਰੂਕਤਾ ਵੈਨ ਰਾਹੀਂ ਕਾਦੀਆਂ ਦੇ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਏਡਜ਼ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਨਾਟਕ ਮੰਡਲੀ ਵੱਲੋਂ ਨੁਕੜ ਨਾਟਕਾਂ ਰਾਹੀਂ ਏਡਜ਼ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਅਤੇ ਆਮ ਲੋਕਾਂ ਦੇ ਐੱਚਆਈਵੀ ਲਈ ਬਲੱਡ ਸੈਂਪਲ ਲਏ ਗਏ। ਉਨ੍ਹਾਂ ਕਿਹਾ ਕਿ ਐੱਚਆਈਵੀ ਕਿਸੇ ਵੀ ਐੱਚਆਈਵੀ ਪੀੜਤ ਵਿਅਕਤੀ ਨਾਲ ਅਸੁਰੱਖਿਅਤ ਯੌਨ ਸਬੰਧ ਬਣਾਉਣ ਨਾਲ, ਐੱਚਆਈਵੀ ਸੰਕ੍ਰਮਿਤ ਖੂਨ ਜਾਂ ਖੂਨ ਵਾਲੇ ਪਦਾਰਥ ਸਰੀਰ ਵਿਚ ਚੜ੍ਹਾਉਣ ਨਾਲ, ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਨਾਲ ਜਾਂ ਐੱਚਆਈਵੀ ਪੀੜ੍ਹਤ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐੱਚਆਈਵੀ ਪੀੜਤ ਵਿਅਕਤੀ ਨੂੰ ਛੂਹਣ ਨਾਲ ਜਾਂ ਹੱਥ ਮਿਲਾਉਣ ਨਾਲ, ਪੀੜਤ ਵਿਅਕਤੀ ਵੱਲੋਂ ਵਰਤੇ ਗਏ ਭਾਂਡਿਆਂ ਵਿਚ ਖਾਣਾ ਖਾਣ ਨਾਲ ਜਾਂ ਪੀੜਤ ਵੱਲੋਂ ਵਰਤੇ ਯੰਤਰਾਂ ਦਾ ਇਸਤੇਮਾਲ ਕਰਨ ਨਾਲ ਨਹੀਂ ਫੈਲਦਾ। ਐੱਚਆਈਵੀ/ਏਡਜ਼ ਦੇ ਲੱਛਣ ਸਾਹਮਣੇ ਆਉਣ ਵਿਚ 6 ਮਹੀਨੇ ਤੋਂ 8 ਸਾਲ ਤਕ ਵੀ ਲੱਗ ਸਕਦੇ ਹਨ। ਸਿਰਫ ਖੂਨ ਦੀ ਜਾਂਚ ਨਾਲ ਹੀ ਐੱਚਆਈਵੀ ਸੰਕ੍ਰਮਣ ਦਾ ਪਤਾ ਲੱਗ ਸਕਦਾ ਹੈ। ਮੁਫ਼ਤ ਸਲਾਹ ਅਤੇ ਜਾਂਚ ਲਈ ਨੇੜੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਸਥਿਤ ਆਈਸੀਟੀਸੀ ਕੇਂਦਰ ਵਿਚ ਜਾਇਆ ਜਾਵੇ। ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ, ਸਤਪਾਲ ਸਿੰਘ, ਲਖਬੀਰ ਸਿੰਘ, ਬਲਵਿੰਦਰ ਸਿੰਘ, ਅਮਰੀਕ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ ਬਿੱਲਾ, ਅਮਰੀਕ ਸਿੰਘ ਆਦਿ ਹਾਜ਼ਰ ਸਨ।
ਜਾਗਰੂਕਤਾ ਵੈਨ ਰਾਹੀਂ ਏਡਜ਼ ਬਾਰੇ ਕੀਤਾ ਜਾਗਰੂਕ
Publish Date:Sat, 18 Mar 2023 05:41 PM (IST)
