ਆਕਾਸ਼, ਗੁਰਦਾਸਪੁਰ : ਘਰ - ਘਰ ਰੁਜ਼ਗਾਰ ਦੇਣ ਦੀ ਬਜਾਏ ਰੁਜ਼ਗਾਰ ਖੋਹਣ 'ਤੇ ਤੁਲੀ ਪੰਜਾਬ ਸਰਕਾਰ ਵਿਰੁੱਧ ਅੱਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ .ਰਵਿੰਦਰ ਸਿੰਘ ਦੀ ਅਗਵਾਈ ਹੇਠ ਕਾਲਜਾਂ ਮੂਹਰੇ ਰੋਸ ਪ੍ਰਦਰਸ਼ਨ ਕੀਤੇ। ਉਹਨਾਂ ਨੇ ਕਿਹਾ ਕਿ ਸੂਬੇ ਦੇ 49 ਸਰਕਾਰੀ ਕਾਲਜਾਂ ਨੂੰ 18-20 ਸਾਲਾਂ ਤੋਂ ਚਲਾ ਰਹੀ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਰੁਜ਼ਗਾਰ ਨੂੰ ਖੋਹਣ ਲਈ ਪੰਜਾਬ ਸਰਕਾਰ ਪੱਬਾਂ ਭਾਰ ਹੋਈ ਫਿਰਦੀ ਹੈ । ਇਕ ਪਾਸੇ ਘਰ - ਘਰ ਰੁਜ਼ਗਾਰ ਦੇਣ ਦਾ ਨਾਅਰਾ ਲਗਾ ਕੇ ਨੌਜਵਾਨਾਂ ਨੂੰ ਰੋਜ਼ਗਾਰ ਮੇਲਿਆਂ ਵਿਚ ਧੱਕੇ ਖਾਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਜਿਹੜੇ ਨੌਜਵਾਨ ਮੁਲਾਜ਼ਮ ਸਰਕਾਰੀ ਕਾਲਜਾਂ ਵਿੱਚ ਨਿਗੂਣੀਆ ਤਨਖਾਹਾਂ ਤੇ ਕੰਮ ਕਰਕੇ ਸਰਕਾਰੀ ਕਾਲਜਾਂ ਨੂੰ ਸਾਭੀ ਬੈਠੇ ਸਨ, ਉਹਨਾਂ ਨੂੰ ਵੀ ਰੁਜ਼ਗਾਰ ਤੋਂ ਵਾਝਾਂ ਕੀਤਾ ਜਾ ਰਿਹਾ ਹੈ। ਸਰਕਾਰੀ ਕਾਲਜਾਂ ਵਿਚ ਨਵੀਆਂ ਅਸਾਮੀਆਂ ਭਰਨ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਡਾ .ਰਾਵਿੰਦਰ ਸਿੰਘ ਨੇ ਹੋਰ ਕਿਹਾ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ 1873 ਅਸਾਮੀਆਂ ਹਨ ਜਿਨ੍ਹਾਂ ਵਿਚੋਂ 962 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਕੰਮ ਕਰ ਰਹੇ ਹਨ ਜਦਕਿ 500 ਦੇ ਕਰੀਬ ਮੰਨਜੂਰ ਸ਼ੁਦਾ ਅਸਾਮੀਆਂ ਖਾਲੀ ਪਈਆਂ ਹਨ ਅਤੇ ਨਵੇਂ ਖੋਲੇ ਸਰਕਾਰੀ ਕਾਲਜਾਂ ਵਿਚ ਵੀ 160 ਅਸਾਮੀਆਂ ਖਾਲੀ ਹਨ । ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਸਲ ਵਿਚ ਨੌਜਵਾਨਾਂ ਨੂੰ ਰੋਜਗਾਰ ਦੇਣਾ ਚਾਹੁੰਦੀ ਹੈ ਤਾਂ ਉਹ ਨਿਰੋਲ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰੇ ਜਿਨ੍ਹਾਂ ਤੇ ਕੋਈ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਕੰਮ ਨਹੀਂ ਕਰ ਰਿਹਾ । ਉਹਨਾਂ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਸਰਕਾਰ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆ ਤੋਂ ਪੀ.ਟੀ.ਏ ਫੰਡ ਉਗਰਾਹ ਕੇ ਸਰਕਾਰੀ ਕਾਲਜਾਂ ਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਤਨਖਾਹ ਦਿੱਤੀ ਹੈ ਜਿਸ ਨਾਲ ਬਹੁਤ ਸਾਰੇ ਗਰੀਬ ਵਿਦਿਆਰਥੀ ਪੀ.ਟੀ.ਏ ਫੰਡਾਂ ਦਾ ਬੋਝ ਨਾ ਝੱਲਣ ਕਰਕੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ । ਇਹਨਾ ਨਵੀਆਂ ਅਸਾਮੀਆਂ ਦੇ ਖਿਲਾਫ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਦੇ ਕੰਮ ਕਾਰ ਠੱਪ ਕਰਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ । ਸਰਕਾਰੀ ਕਾਲਜ ਸਿਧਪੁਰ, ਸਰਕਾਰੀ ਕਾਲਜ ਲਾਧੋਪੁਰ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਪ੍ਰੋਫੈਸਰ ਜੋਗਾ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ 962 ਪਰਿਵਾਰਾਂ ਦੀ ਨੌਕਰੀ ਨੂੰ ਸੁਰੱਖਿਅਤ ਕਰਨ ਦੇ ਨਾਲ ਨਾਲ ਸਰਕਾਰੀ ਖਜਾਨੇ ਵਿਚੋਂ 56100 ਰੁਪਏ ਦੇਣ ਦਾ ਐਲਾਨ ਜਲਦ ਨਾ ਕੀਤਾ ਤਾਂ ਉਹ ਪਰਿਵਾਰਾਂ , ਭਰਾਤੀ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨਗੀਆਂ । ਉਹਨਾਂ ਕਿਹਾ ਕਿ ਕਈ ਸਰਕਾਰੀ ਕਾਲਜਾਂ ਵਿੱਚ ਪੀ.ਟੀ.ਏ ਫੰਡ ਕਈ ਮਹੀਨੇ ਤੋਂ ਖਤਮ ਹੈ ਅਤੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ । ਉਹਨਾਂ ਦੱਸਿਆ ਕਿ ਸੂਬੇ ਦੀ ਕਾਂਗਰਸ ਸਰਕਾਰ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਚੁੱਲੇ ਠੰਡੇ ਕਰਕੇ ਉਹਨਾਂ ਨੂੰ ਦੀਵਾਲੀ ਦਾ ਤੋਹਫਾ ਦੇਣ ਜਾ ਰਹੀ ਹੈ ਜਿਸ ਦਾ ਖਮਿਆਜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਭੁਗਤਣਾ ਪਵੇਗਾ।

ਇਸ ਮੌਕੇ ਤੇ ਪ੍ਰੋਫੈਸਰ ਮਨਜੀਤ ਕੌਰ, ਸੰਦੀਪ ਕੌਰ, ਮੋਨਾ ਸੋਨੀ, ਅੰਦਲੀਪ, ਪਲਵਿੰਦਰ ਕੌਰ, ਬਲਜੀਤ ਕੌਰ, ਭਾਰਤੀ ਚੌਧਰੀ, ਰਾਜਵਿੰਦਰ ਕੌਰ, ਸੁਪਰੀਤ ਕੌਰ, ਡਾ ਗੁਰਦੀਪ ਸਿੰਘ, ਸਤਵਿੰਦਰ ਸਿੰਘ, ਹਰਜੀਤ ਸਿੰਘ ਹਾਜਿਰ ਸਨ ।

Posted By: Ravneet Kaur