ਆਕਾਸ਼, ਗੁਰਦਾਸਪੁਰ : ਲਾਕਡਾਉਨ ਦੇ ਚਲਦਿਆਂ ਪੰਜਾਬ ਦੀਆਂ ਸਾਰੀਆਂ ਸਿੱਖਿਅਕ ਸੰਸਥਾਵਾਂ ਬੰਦ ਹਨ ਜਿਸ 'ਤੇ ਸਰਕਾਰ ਬੱਚਿਆਂ ਦੀ ਸਿੱਖਿਆ ਲਈ ਚਿੰਤਤ ਹੈ। ਜਿਸ ਲਈ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਸਿੱਖਿਆ ਦੇ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਬੱਚੇ ਪੜ੍ਹਾਈ ਨਾਲ ਜੁੜੇ ਰਹਿ ਸਕਣ। ਇਸੇ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ ਸਮੂਹ ਕੰਪਿਊਟਰ ਅਧਿਆਪਕਾਂ ਨੇ ਕੰਪਿਊਟਰ ਸਾਇੰਸ ਟੀਮ ਪੰਜਾਬ ਦਾ ਗਠਨ ਕੀਤਾ ਜੋ ਬੱਚਿਆਂ ਲਈ ਈ-ਕੰਟਰੈਕਟਰ, ਐਪਸ, ਵੈੱਬਸਾਈਟ, ਵੀਡੀਓ ਲੈਕਚਰ ਤਿਆਰ ਕਰ ਕੇ ਬੱਚਿਆਂ ਤਕ ਪਹੁੰਚਾ ਰਹੀ ਹੈ ਅਤੇ ਆਨਲਾਈਨ ਟੈਸਟ ਲੈ ਰਹੀ ਹੈ।

ਇਸ ਮੌਕੇ ਕੰਪਿਊਟਰ ਸਾਇੰਸ ਟੀਮ ਪੰਜਾਬ ਦੇ ਮੈਂਬਰ ਪਰਮਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੁਰਪਿੰਦਰ ਸਿੰਘ ਨੇ ਆਨਲਾਈਨ ਟੈਸਟ ਦਾ ਨਤੀਜਾ ਦੱਸਿਆ ਕਿ ਟੀਮ ਵੱਲੋਂ ਛੇਵੀਂ ਤੋਂ 12ਵੀਂ ਤਕ ਬੱਚਿਆਂ ਲਈ ਸਿੱਖਿਆ ਦਾ ਆਨਲਾਈਨ ਮਟੀਰੀਅਲ ਮੋਬਾਈਲ ਦੇ ਜ਼ਰੀਏ ਪੰਜਾਬ ਦੇ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਭੇਜਿਆ ਜਾਂਦਾ ਹੈ ਜੋ ਅੱਗੇ ਪੰਜਾਬ ਦੇ ਸਾਰੇ ਸਕੂਲਾਂ ਵਿਚ ਬੱਚਿਆਂ ਨੂੰ ਪਹੁੰਚਾ ਰਹੇ ਹਨ ਅਤੇ ਪੜ੍ਹਾ ਰਹੇ ਹਨ। ਪੜ੍ਹਾਈ ਦੇ ਮੁੱਲਾਂਕਣ ਲਈ ਗੂੁਗਲ ਫਾਰਮ ਦੇ ਇਸਤੇਮਾਲ ਨਾਲ ਆਨਲਾਈਨ ਟੈਸਟ ਰੱਖਿਆ ਗਿਆ ਜਿਸਦੇ ਤਹਿਤ ਪਹਿਲਾ ਟੈਸਟ 22 ਤੋਂ 23 ਮਈ ਰਾਤ 12 ਵਜੇ ਤਕ ਲਿਆ ਗਿਆ ਸੀ ਜਿਸ ਵਿਚ 4 ਲੱਖ 57 ਹਜ਼ਾਰ 993 ਬੱਚਿਆਂ ਨੇ ਭਾਗ ਲੈ ਕੇ ਇਸ ਆਨਲਾਈਨ ਕੁਇਜ਼ ਟੈਸਟ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਆਨਲਾਈਨ ਟੈਸਟ ਬਣਾ ਦਿੱਤਾ।

ਇਸ ਤੋਂ ਬਾਅਦ ਦੂਸਰੇ ਆਨਲਾਈਨ ਕੁਇਜ਼ ਟੈਸਟ 30 ਮਈ ਤੋਂ 31 ਮਈ ਰਾਤ 12 ਵਜੇ ਤਕ ਲਿਆ ਗਿਆ ਜਿਸ ਵਿਚ ਕੰਪਿਊਟਰ ਅਧਿਆਪਕਾਂ ਦੀ ਮਿਹਨਤ ਦੇ ਬਲ ਅਤੇ ਬੱਚਿਆਂ ਦੀ ਰੁਚੀ ਕਾਰਨ 4 ਲੱਖ 78 ਹਜ਼ਾਰ 295 ੁਬੱਚਿਆਂ ਨੇ ਟੈਸਟ ਲੈ ਕੇ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਨਵਾਂ ਕੀਰਤੀਮਾਨ ਸਥਾਪਿਤ ਕੀਤਾ।

ਉਨ੍ਹਾਂ ਦੱਸਿਆ ਕਿ ਇਸ ਉਪਲਬਧੀ ਨਾਲ ਪੰਜਾਬ ਸੰਸਾਰ ਦਾ ਹੁਣ ਤਕ ਬੱਚਿਆਂ ਦਾ ਸਭ ਤੋਂ ਵੱਡਾ ਆਨਲਾਈਨ ਟੈਸਟ ਲੈਣ ਵਾਲਾ ਪਹਿਲਾ ਸੂਬਾ ਬਣ ਚੁੱਕਾ ਹੈ। ਉਨ੍ਹਾਂ ਨੇ ਪਾਰਟੀਸੀਪੇਟ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਕਿ ਜੋ ਪੰਜਾਬ ਦਾ ਨਾਮ ਰੋਸ਼ਨ ਕਰਨ ਵਿਚ ਕਾਮਯਾਬ ਹੋਏ। ਕੰਪਿਊਟਰ ਸਾਇੰਸ ਟੀਮ ਪੰਜਾਬ ਦੇ ਮੈਂਬਰ ਬਰਿੰਦਰ ਸਿੰਘ ਨੇ ਕਿਹਾ ਕਿ ਗਿਨੀਜ਼ ਬੁੱਕ ਵਰਲਡ ਰਿਕਾਰਡ, ਏਸ਼ੀਅਨ ਬੁੱਕ ਵਿਚ ਪਹਿਲਾ ਅਜਿਹਾ ਵੱਡਾ ਰਿਕਾਰਡ ਦਰਜ ਨਹੀਂ ਹੈ। ਇਸ ਲਈ ਪੰਜਾਬ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ। ਉਥੇ ਏਸ਼ੀਅਨ ਬੁੱਕ ਆਫ ਰਿਕਾਰਡ ਵੱਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਹੈ।

ਇਸ ਮੌਕੇ ਸੰਦੀਪ ਸਿੰਘ, ਆਰਿਫ, ਨਵਜੋਤ ਕੌਰ, ਕਿਰਨਦੀਪ ਕੌਰ, ਇੰਦਜੀਤ ਸਿੰਘ, ਯੂਨਸ ਖੋਖਰ, ਸੁਦੇਸ਼ ਮਹਾਜਨ, ਗੁਰਪ੍ਰਰੀਤ ਕੌਰ, ਸਰਬਜੀਤ ਕੌਰ, ਹਰਦੀਪ ਕੌਰ ਦੇ ਇਲਾਵਾ ਨਰਿੰਦਰਪਾਲ ਸਿੰਘ, ਗੁਰਜਿੰਦਰ ਸਿੰਘ, ਸਲਵਿੰਦਰ ਸਿੰਘ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।