ਸ਼ਾਮ ਸਿੰਘ ਘੁੰਮਣ, ਦੀਨਾਨਗਰ : ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਹੋ ਰਹੇ ਬੇਤਹਾਸ਼ਾ ਵਾਧੇ ਅਤੇ ਕੇਂਦਰ ਦੀਆਂ ਲੋਕ ਮਾਰੀ ਨੀਤੀਆਂ ਦੇ ਖ਼ਿਲਾਫ਼ ਸੀਪੀਆਈ ਬਲਾਕ ਦੀਨਾਨਗਰ ਵੱਲੋਂ ਸ਼ਹਿਰ ਅੰਦਰ ਰੋਸ ਮਾਰਚ ਕੱਿਢਆ ਗਿਆ ਅਤੇ ਤਹਿਸੀਲ ਦਫ਼ਤਰ ਵਿਖੇ ਕੇਂਦਰ ਦੇ ਖ਼ਿਲਾਫ਼ ਮੁਜ਼ਾਹਰਾ ਕਰਦਿਆਂ ਮੰਗ ਪੱਤਰ ਦਿੱਤਾ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਬਲਬੀਰ ਸਿੰਘ, ਕਾਮਰੇਡ ਸੁਭਾਸ਼ ਕੈਰੇ ਤੇ ਸੁਖਦੇਵ ਸਿੰਘ ਕਾਹਲੋਂ ਦੀ ਅਗਵਾਈ ਹੇਠ ਕੱਢੇ ਗਏ ਰੋਸ ਮਾਰਚ ਵਿਚ ਵੱਡੀ ਗਿਣਤੀ ਵਿਚ ਸੀਪੀਆਈ ਵਰਕਰਾਂ ਨੇ ਭਾਗ ਲਿਆ ਅਤੇ ਸ਼ਹਿਰ ਅੰਦਰ ਰੋਸ ਮਾਰਚ ਕੀਤਾ, ਜਿਸ ਮਗਰੋਂ ਤਹਿਸੀਲ ਦਫ਼ਤਰ ਵਿਖੇ ਪਹੁੰਚ ਕੇ ਸੰਕੇਤਕ ਧਰਨਾ ਦਿੱਤਾ ਗਿਆ ਅਤੇ ਅਪਣੀਆਂ ਮੰਗਾਂ ਦੇ ਸਬੰਧ ਵਿਚ ਨਾਇਬ ਤਹਿਸੀਲਦਾਰ ਨੂੰ ਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਮੌਕੇ ਸੀਪੀਆਈ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਅੱਛੇ ਦਿਨਾਂ ਦੇ ਸੁਪਨੇ ਵਿਖਾ ਕੇ ਕੇਂਦਰ ਦੀ ਸੱਤਾ ਵਿਚ ਆਈ ਭਾਜਪਾ ਨੇ ਦੇਸ਼ ਦੇ ਲੋਕਾਂ ਨੂੰ ਖੂਨ ਦੇ ਅੱਥਰੂ ਵਹਾਉਣ ਨੂੰ ਮਜਬੂਰ ਕਰ ਦਿੱਤਾ ਹੈ, ਜਿਸ ਤਰ੍ਹਾਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਸਣੇ ਹਰ ਖੇਤਰ ਵਿਚ ਮਹਿੰਗਾਈ ਅਸਮਾਨ ਛੂਹ ਰਹੀ ਹੈ ਉਸ ਨਾਲ ਆਮ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਬੇਰੁਜ਼ਗਾਰੀ 'ਚ ਅਥਾਹ ਵਾਧਾ ਹੋ ਰਿਹਾ ਹੈ ਪਰ ਕੇਂਦਰ ਸਰਕਾਰ ਕੋਲ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਯੋਜਨਾ ਨਹੀਂ ਹੈ। ਕਿਸਾਨਾਂ ਤੇ ਕਾਲੇ ਕਾਨੂੰਨ ਲਾਗੂ ਕਰਕੇ ਹੱਥੀਂ ਕਿਰਤ ਕਰਨ ਵਾਲੇ ਲੋਕਾਂ ਦਾ ਵੀ ਗਲਾ ਘੋਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਨੇ ਅਪਣੀਆਂ ਨੀਤੀਆਂ ਵਿਚ ਤਬਦੀਲੀ ਨਾਂ ਲਿਆਂਦੀ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਦਰਸ਼ਨ ਲਾਲ, ਬਾਊ ਮਸੀਹ, ਦਰਸ਼ਨ ਪਾਲ, ਜਨਕ ਰਾਜ, ਜਗਦੀਸ਼ ਰਾਜ, ਸਾਜਨ ਕੈਰੇ, ਮੰਗਾ ਮਸੀਹ, ਦਰਸ਼ਨ ਉਧੀਪੁਰ, ਸ਼ਿਵਜੋਤ, ਗੁਰਦੀਪ ਸਿੰਘ ਅਤੇ ਹੰਸ ਰਾਜ ਵੀ ਆਦਿ ਹਾਜ਼ਰ ਸਨ।