ਜੋਰਾਵਰ ਭਾਟੀਆ, ਨਰੋਟ ਜੈਮਲ ਸਿੰਘ : ਨਰੋਟ ਜੈਮਲ ਸਿੰਘ ਦੇ ਨੇੜੇ ਪਿੰਡ ਕਿੱਲਪੁਰ 'ਚ ਸਥਿਤ ਇਕ ਚੌਕ 'ਤੇ ਕੁਲ ਹਿੰਦ ਕਿਸਾਨ ਸਭਾ ਦੇ ਕਾਰਕੁਨਾਂ ਨੇ ਮਹਿੰਗਾਈ ਦੇ ਵਿਰੋਧ 'ਚ ਕਾਮਰੇਡ ਗਣੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਨਿਖੇਧੀ ਕੀਤੀ। ਦੁਪਹਿਰ 1 ਵਜੇ ਹੋਏ ਇਸ ਵਿਰੋਧ ਪ੍ਰਦਰਸ਼ਨ 'ਚ ਭਾਰੀ ਗਿਣਤੀ 'ਚ ਖੇਤਰ ਦੇ ਕਿਸਾਨ, ਮਜ਼ਦੂਰ ਤੇ ਕਾਮਰੇਡ ਸ਼ਾਮਲ ਸਨ। ਕੇਂਦਰ ਸਰਕਾਰ ਵੱਲੋਂ ਵਧਾਈ ਗਈ ਮਹਿੰਗਾਈ ਦਾ ਵਿਰੋਧ ਕਰਦਿਆਂ ਕਾਮਰੇਡ ਗਣੇਸ਼ ਰਾਜ ਨੇ ਕਿਹਾ ਕਿ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਧ ਰਹੀ ਮਹਿੰਗਾਈ 'ਤੇ ਰੋਕ ਕਿਉਂ ਨਹੀਂ ਲਾਈ ਜਾ ਰਹੀ। ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵੱਡਾ ਵਾਧਾ ਲਿਆ ਕੇ ਕੇਂਦਰ ਸਰਕਾਰ ਵੱਲੋਂ ਹਰ ਵਰਗ ਦੀਆਂ ਰੋਜ਼ਾਨਾ ਲੋੜਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੂਸਰਾ, ਕਾਲੇ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ 'ਚ ਚਲਾਏ ਜਾ ਰਹੇ ਅੰਦੋਲਨ ਨੂੰ ਬਾਰ- ਬਾਰ ਕਿਉਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 80 ਰੁਪਏ ਦੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 90 ਰੁਪਏ ਤੋਂ ਵੀ ਪਾਰ ਹੋਣ ਨਾਲ ਮਜ਼ਦੂਰਾਂ, ਕਿਸਾਨਾਂ ਅਤੇ ਹਰ ਵਰਗ ਦੇ ਲੋਕਾਂ ਦੀਆਂ ਜੇਬਾਂ ਸੁੰਗੜਨ ਲੱਗ ਗਈਆਂ ਹਨ। ਯੂਨੀਅਨ ਦੇ ਬਾਕੀ ਮੈਂਬਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਮਹਿੰਗਾਈ 'ਤੇ ਛੇਤੀ ਹੀ ਠੱਲ ਪਾਉਣੀ ਚਾਹੀਦੀ ਹੈ। ਇਸ ਮੌਕੇ ਉੱਤੇ ਕਾਮਰੇਡ ਰਾਮ ਸਰਨ,ਧਨੋ ਰਾਮ, ਪ੍ਰਰੇਮ ਸਿੰਘ, ਸੁਰਜੀਤ ਸਿੰਘ, ਬੱਬੂ ਰਾਮ, ਗੁਰਦਾਸ ਮਲ, ਹੰਸ ਰਾਜ, ਬਦਰੀ ਲਾਲ ਅਤੇ ਹੋਰ ਮੈਂਬਰ ਹਾਜ਼ਰ ਸਨ।