ਸੁਖਵਿੰਦਰ ਸਿੰਘ ਧੁੱਪਸੜੀ, ਬਟਾਲਾ : ਕੌਮੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦੇ ਸੱਦੇ 'ਤੇ ਏਟਕ, ਸੀਟੂ, ਏਕਟੂ ਅਤੇ ਸੀਟੀਯੂ ਪੰਜਾਬ ਦੇ ਵਰਕਰਾਂ ਨੇ ਸ਼ਹੀਦ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ 'ਚ ਰੈਲੀ ਕਰਕੇ ਬਾਜ਼ਾਰਾਂ ਵਿਚ ਪ੍ਰਦਰਸ਼ਨ ਕੀਤਾ ਅਤੇ ਗਾਂਧੀ ਚੌਕ ਜਾਮ ਕੀਤਾ। ਰੈਲੀ ਦੀ ਅਗਵਾਈ ਮਨਜੀਤ ਰਾਜ, ਜਰਨੈਲ ਸਿੰਘ, ਅਮਰਜੀਤ ਲਿਖੀਆਂ, ਨਿਰਮਲ ਦਾਸ ਅਤੇ ਗੁਰਪ੍ਰਰੀਤ ਰੰਗੀਲਪੁਰ ਨੇ ਕੀਤੀ । ਇਸ ਮੌਕੇ ਰਣਬੀਰ ਸਿੰਘ ਵਿਰਕ, ਸੰਤੋਖ ਸਿੰਘ, ਜਗੀਰ ਸਿੰਘ ਅਤੇ ਗੁਰਮੀਤ ਸਿੰਘ ਬਖਤਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਤਾਲਾਬੰਦੀ ਦੀ ਆੜ ਹੇਠ 40 ਕਿਰਤ ਕਾਨੂੰਨਾਂ ਨੂੰ ਤੋੜ ਕੇ 4 ਕੋਡਾਂ 'ਚ ਬਦਲ ਦਿੱਤਾ ਹੈ। ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਪੰਜਾਬ ਸਰਕਾਰ ਕੋਲੋਂ ਮਹਿੰਗਾਈ ਸੂਚਕ ਅੰਕ ਅਧਾਰਤ ਮਾਰਚ 2020 ਦਾ 401.73 ਰੁਪਏ ਦੇ ਵਾਧੇ ਨੂੰ ਜਾਰੀ ਕਰਨ ਸਮੇਤ ਸਤੰਬਰ ਦੇ ਵਾਧੇ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ। ਪੰਜਾਬ ਸਰਕਾਰ ਦੇ ਕਿਰਤ ਵਿਭਾਗ 'ਤੇ ਦੋਸ਼ ਲਾਏ ਗਏ ਕਿ ਨਿਰਮਾਣ ਵੈੱਲਫੇਅਰ ਬੋਰਡ ਵੱਲੋਂ ਨਵੀਆਂ ਰਜਿਸਟ੍ਰੇਸ਼ਨਾਂ ਨਹੀਂ ਕੀਤੀਆਂ ਜਾ ਰਹੀਆਂ ਅਤੇ ਨਾ ਹੀ ਕੋਈ ਕਿਰਤੀਆਂ ਨੂੰ ਲਾਭਾਂ ਲਈ ਭੇਜੀਆਂ ਅਰਜ਼ੀਆਂ ਆਧਾਰਤ ਲਾਭ ਦਿੱਤੇ ਜਾ ਰਹੇ ਹਨ। ਤਿੰਨ-ਤਿੰਨ ਸਾਲਾਂ ਤੋਂ ਮੌਤਾਂ, ਹਾਦਸਿਆਂ, ਸ਼ਗਨ ਸਕੀਮ ਅਤੇ ਵਜੀਫੇ ਆਦਿ ਦੀਆਂ ਅਰਜ਼ੀਆਂ ਉੱਪਰ ਵੀ ਕੋਈ ਗੌਰ ਨਹੀਂ ਕੀਤਾ ਜਾ ਰਿਹਾ। ਗਰੀਬਾਂ ਦੇ ਹਜ਼ਾਰਾਂ ਰੁਪਏ ਦੇ ਬਿਜਲੀ ਦੇ ਬਿੱਲ ਮੁਆਫ ਕਰਨ, ਸਕੀਮ ਵਰਕਰਾਂ ਨੂੰ ਘੱਟੋ-ਘੱਟ ਜੀਵਨ ਯੋਗ ਉਜਰਤ ਦੇ ਘੇਰੇ 'ਚ ਲਿਆਉਣ ਅਤੇ ਸਾਰੇ ਵਰਕਰਾਂ ਦੀ ਮਹੀਨਾਵਾਰ ਤਨਖਾਹ 21000 ਰੁਪਏ ਕਰਨ ਦੀ ਮੰਗ, ਬਿਨਾਂ ਕਿਸੇ ਸਿਆਸੀ ਵਿਤਕਰੇ ਤੋਂ ਮਨਰੇਗਾ ਦਾ 100 ਦਿਨ ਕੰਮ ਦੇਣ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਤੋਂ ਵੀ ਕਿਸਾਨੀ ਵਿਰੋਧੀ ਬਿੱਲ ਅਤੇ ਬਿਜਲੀ ਸੋਧ ਬਿੱਲ ਵਾਪਸ ਲੈਣ ਦੀ ਮੰਗ ਕੀਤੀ । ਇਸ ਮੌਕੇ ਬੰਟੀ ਪਿੰਡਾਂ ਰੋੜੀ, ਸਤਨਾਮ ਸਿੰਘ, ਵਰਗਿਸ ਸਲਾਮਤ, ਨੀਲਮ, ਰਣਜੀਤ ਸਿੰਘ ਭਾਗੋਵਾਲ ਨੇ ਆਪਣੇ ਵਿਚਾਰ ਰੱਖੇ।