ਆਕਾਸ਼, ਗੁਰਦਾਸਪੁਰ : ਕੇਂਦਰ ਵੱਲੋਂ ਖੇਤੀ ਦੇ ਨਾਮ 'ਤੇ ਪਾਸ ਕੀਤੇ ਗਏ ਦੇਸ਼ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਪਹਿਲੀ ਅਕਤੂਬਰ ਤੋਂ ਪੰਜਾਬ ਭਰ 'ਚ ਦਿੱਤੇ ਰੇਲ ਰੋਕੋ ਅੰਦੋਲਨ ਦੇ ਸੱਦੇ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਥਾਨਕ ਰੇਲਵੇ ਸਟੇਸ਼ਨ ਨਜ਼ਦੀਕ ਅੰਮਿ੍ਤਸਰ-ਪਠਾਨਕੋਟ ਟਰੈਕ 'ਤੇ ਅਣਮਿੱਥੇ ਸਮੇਂ ਲਈ ਰੋਸ ਧਰਨਾ ਸ਼ੁਰੂ ਕੀਤਾ ਗਿਆ। ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ(ਲੱਖੋਵਾਲ) ਦੇ ਸੀਨੀਅਰ ਆਗੂ ਕਰਨੈਲ ਸਿੰਘ ਪੰਛੀ, ਜਮਹੂਰੀ ਕਿਸਾਨ ਸਭਾ ਦੇ ਮੱਖਣ ਸਿੰਘ ਕੁਹਾੜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਚੰਨਣ ਸਿੰਘ ਦੋਰਾਂਗਲਾ, ਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਮੁੱਖ ਜ਼ਿਲ੍ਹਾ ਆਗੂ ਗੁਰਦੀਪ ਸਿੰਘ ਮੁਸਤਫ਼ਾਬਾਦ ਜੱਟਾਂ, ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਜਸਵੰਤ ਸਿੰਘ ਕੋਠੀ,ਪਠਾਨਕੋਟ, ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ) ਦੇ ਜ਼ਿਲ੍ਹਾ ਆਗੂ ਅਜੈਬ ਸਿੰਘ, ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਬਲਬੀਰ ਸਿੰਘ ਕੱਤੋਵਾਲ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਕਸ਼ਮੀਰ ਸਿੰਘ ਤੁਗਲਵਾਲ, ਭਾਰਤੀ ਕਿਸਾਨ ਯੂਨੀਅਨ ਕ੍ਾਂਤੀਕਾਰੀ ਦੇ ਨਰਿੰਦਰ ਸਿੰਘ ਕੋਟਲਾ ਬਾਮਾ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਮਪਾਲ ਸਿੰਘ ਮੇਤਲਾ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਂਵਾਲ) ਦੇ ਲਖਵਿੰਦਰ ਸਿੰਘ ਮਰੜ੍ਹ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਕਰ ਰਹੇ ਹਨ। ਰੇਲਵੇ ਲਾਈਨ ਉੱਪਰ ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਧਰਨਾਕਾਰੀ ਕਿਸਾਨ ਸ਼ਹਿਰ ਦੇ ਕੇਂਦਰ ਸੁੱਕਾ ਤਲਾਅ ਵਿਖੇ ਇਕੱਤਰ ਹੋਏ ਅਤੇ ਉਥੋਂ ਜੀਟੀ ਰੋਡ ਰਾਹੀਂ ਮਾਰਚ ਕਰਦੇ ਹੋਏ ਰੇਲਵੇ ਲਾਈਨ ਉੱਪਰ ਪਹੁੰਚੇ।

ਇਸ ਅਣਮਿੱਥੇ ਸਮੇਂ ਦੇ ਧਰਨੇ ਨੂੰ ਸ਼ੁਰੂ ਕਰਨ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸਤਬੀਰ ਸਿੰਘ ਸੁਲਤਾਨੀ ਤੇ ਤਰਲੋਕ ਸਿੰਘ ਬਹਿਰਾਮਪੁਰ, ਜਮਹੂਰੀ ਕਿਸਾਨ ਸਭਾ ਦੇ ਮਾ. ਰਘਬੀਰ ਸਿੰਘ ਪਕੀਵਾਂ ਤੇ ਬਲਵਿੰਦਰ ਸਿੰਘ ਰਵਾਲ, ਭਾਰਤੀ ਕਿਸਾਨ ਯੂਨੀਅਨ ਕ੍ਾਂਤੀਕਾਰੀ ਦੇ ਡਾ. ਅਸ਼ੋਕ ਭਾਰਤੀ ਤੇ ਸੁਬੇਗ ਸਿੰਘ ਠੱਠਾ,ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪਲਵਿੰਦਰ ਸਿੰਘ ਮਰੋਲਾ ਤੇ ਸੂਬੇਦਾਰ ਬਾਵਾ ਸਿੰਘ,ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸ.ਬਲਵਿੰਦਰ ਸਿੰਘ ਰਾਜੂ ਅੌਲਖ ਤੇ ਬਾਬਾ ਕਮਲਜੀਤ ਸਿੰਘ ਪੰਡੋਰੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੰਘਰ ਤੇ ਹਰਭਜਨ ਸਿੰਘ ,ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਹਰਦੇਵ ਸਿੰਘ ਚਿੱਟੀ ਤੇ ਜਗੀਰ ਸਿੰਘ ਜੈਨਪੁਰ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਕਾ. ਗੁਲਜ਼ਾਰ ਸਿੰਘ ਬਸੰਤਕੋਟ ਤੇ ਜਸਬੀਰ ਸਿੰਘ ਕੱਤੋਵਾਲ, ਭਾਰਤੀ ਕਿਸਾਨ ਯੂਨੀਅਨ(ਮਾਨ) ਦੇ ਸ.ਗੁਰਨਾਮ ਸਿੰਘ ਮੁਸਤਫ਼ਾਬਾਦ ਜੱਟਾਂ ,ਕੁੱਲ ਹਿੰਦ ਕਿਸਾਨ ਸਭਾ ਦੇ ਕਾ. ਲਖਵਿੰਦਰ ਸਿੰਘ ਮਰੜ੍ਹ,ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੁਬਾ ਪ੍ਰਧਾਨ ਸੁਖਦੇਵ ਸਿੰਘ ਭੁਜਰਾਜ ਤੇ ਪੰਜਾਬ ਕਿਸਾਨ ਯੂਨੀਅਨ ਦੇ ਬਲਬੀਰ ਸਿੰਘ ਰੰਧਾਵਾ ਨੇ ਆਖਿਆ ਕਿ ਜੇਕਰ ਮੋਦੀ ਸਰਕਾਰ ਨੇ ਕਾਲੇ ਖੇਤੀ ਕਾਨੂੰਨਾਂ ਦੇ ਰੂਪ 'ਚ ਦੇਸ਼ ਦੇ ਸਮੁੱਚੇ ਕਿਰਤੀ ਵਰਗ ਤੇ ਖਾਸ ਕਰਕੇ ਪੰਜਾਬ ਦੇ ਸਮੁੱਚੇ ਲੋਕਾਂ ਦੇ ਖ਼ਿਲਾਫ਼ ਜੋ ਮਾਰੂ ਹਮਲਾ ਕੀਤਾ ਹੈ ਉਸਦੇ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਲਈ ਅੱਜ ਪੰਜਾਬ ਦੇ ਸਮੂਹ ਲੋਕ-ਮਜ਼ਦੂਰ-ਕਿਸਾਨ, ਆੜ੍ਹਤੀ ,ਦੁਕਾਨਦਾਰ,ਮੁਲਾਜ਼ਮ, ਕਿਰਤੀ ਲੋਕਾਂ ਦੇ ਜਾਏ ਸਮੂਹ ਨੌਜਵਾਨ,ਪੰਜਾਬੀ ਕਲਾਕਾਰ ਇਕਜੁੱਟ ਰੂਪ ਵਿੱਚ ਰੇਲਵੇ ਲਾਈਨਾਂ ਉੱਪਰ ਆਣ ਡਟੇ ਹਨ ਤੇ ਉਹ ਕਿਸੇ ਵੀ ਤਰ੍ਹਾਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਵਲੋਂ ਖੂਨ ਪਸੀਨਾਂ ਇੱਕ ਕਰਕੇ ਪੈਦਾ ਕੀਤੀਆਂ ਜਿਣਸਾਂ ਨੂੰ ਮੁਫ਼ਤ ਦੇ ਭਾਅ ਲੁੱਟਣ ਉਪਰੰਤ ਆਪਣੀਆਂ ਨਿੱਜੀ ਰੇਲਾਂ 'ਚ ਭਰਕੇ ਤੇ ਜਨਤਕ ਰੇਲਵੇ ਲਾਈਨਾਂ ਉੱਪਰ ਦੀ ਲੰਘਾ ਕੇ ਦੇਸ਼ ਦੁਨੀਆਂ ਨੂੰ ਅੱਤ ਮਹਿੰਗੇ ਭਾਅ ਵੇਚਣ ਲਈ ਲਿਜਾਣ ਦੀ ਹਰਗਿਜ ਇਜਾਜ਼ਤ ਨਹੀਂ ਦੇਣਗੇ ਤੇ ਨਾ ਹੀ ਗੁਰੂਆਂ ਦੀ ਇਸ ਧਰਤੀ ਉੱਪਰ ਉਨ੍ਹਾਂ ਨੂੰ ਕਬਜ਼ਾ ਕਰਨ ਦੀ ਖੁੱਲ੍ਹੀ-ਖੇਡ ਖੇਡਣ ਦੇਣਗੇ।