ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਆਰਡੀਨੈਂਸ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ, ਕਾਂਗਰਸ ਤੇ ਅਕਾਲੀ ਦਲ ਬਾਦਲ ਵੱਲੋਂ ਇੱਕੋ ਦਿਨ ਕੇਂਦਰ ਖ਼ਿਲਾਫ਼ ਕੀਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਬਾਰਡਰ ਏਰੀਏ 'ਚ ਭਰਵਾਂ ਹੁੰਗਾਰਾ ਮਿਲਿਆ।

ਪੱਤਰਕਾਰਾਂ ਵੱਲੋਂ ਦੌਰਾ ਕਰਨ ਉਪਰੰਤ ਵੇਖਿਆ ਕਿ ਕਲਾਨੌਰ, ਡੇਰਾ ਬਾਬਾ ਨਾਨਕ, ਵਡਾਲਾ ਬਾਂਗਰ ,ਨੜਾਂਵਾਲੀ ਬਖਸੀਵਾਲ ਆਦਿ ਅੱਡੇ ਮੁਕੰਮਲ ਬੰਦ ਰਹੇ।

ਦੱਸਣਯੋਗ ਹੈ ਕਿ ਬੰਦ ਦੌਰਾਨ ਮੈਡੀਕਲ ਸਟੋਰ ਤੇ ਕਲੀਨਿਕ ਵੀ ਬੰਦ ਰਹੇ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਕਲਾਨੌਰ ਤੋਂ ਗੁਜ਼ਰਦੇ ਨੈਸ਼ਨਲ ਹਾਈਵੇ 354 ਗੁਰਦਾਸਪੁਰ, ਡੇਰਾ ਬਾਬਾ ਨਾਨਕ, ਰਮਦਾਸ ਮਾਰਗ ਤੇ ਜਿੱਥੇ ਕਿਸਾਨ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮਾਰਗ ਜਾਮ ਕੀਤੇ ਗਏ ਉੱਥੇ ਕਸਬਾ ਕਲਾਨੌਰ ਦੇ ਲਾਹੌਰੀ ਬਾਜ਼ਾਰ, ਮੋਤੀ ਬਾਜ਼ਾਰ ,ਚੱਕਰੀ ਬਾਜ਼ਾਰ, ਢੱਕੀ ਮੁਹੱਲਾ, ਹਸਪਤਾਲ ਰੋਡ ,ਤਹਿਸੀਲ ਕੰਪਲੈਕਸ ਰੋਡ ਤੇ ਸਾਰੀਆਂ ਦੁਕਾਨਾਂ ਬੰਦ ਰਹੀਆਂ। ਇਸ ਮੌਕੇ ਦੁਕਾਨਦਾਰ ਅੰਕੁਰ ਮਹਾਜਨ, ਰਣਜੀਤ ਸਿੰਘ, ਗੁਰਮੀਤ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ, ਬਿਕਰਮਜੀਤ ਸਿੰਘ, ਰਣਬੀਰ ਸਿੰਘ ਦਿਓਲ, ਸੁਰਿੰਦਰ ਮਹਾਜਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਕਿਸਾਨ ਤੇ ਮਜ਼ਦੂਰ ਵਿਰੋਧੀ ਕਾਨੂੰਨ ਨੂੰ ਖਤਮ ਕਰਵਾਉਣ ਲਈ ਦੁਕਾਨਦਾਰ ਕਿਸਾਨ ਜਥੇਬੰਦੀਆਂ ਨਾਲ ਖੜ੍ਹੇ ਹਨ।