ਸੁਖਦੇਵ ਸਿੰਘ, ਬਟਾਲਾ : ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੇ ਪੀਆਰਟੀਸੀ ਦੇ ਸਮੂਹ ਕੱਚੇ ਮੁਲਾਜ਼ਮਾਂ ਨੇ ਬਟਾਲਾ ਡਿਪੂ ਵਿਖੇ ਗੇਟ ਰੈਲੀ ਕੀਤੀ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਪ੍ਰਦੀਪ ਕੁਮਾਰ ਸੂਬਾ ਮੀਤ ਪ੍ਰਧਾਨ, ਸੂਬਾ ਸੈਕਟਰੀ ਬਲਜੀਤ ਸਿੰਘ ਗਿੱਲ ਤੇ ਡਿਪੂ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟ੍ਾਂਸਪੋਰਟ ਵਿਭਾਗ ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਤੇ ਵਾਰ-ਵਾਰ ਟਾਲਮਟੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਫ੍ਰੀ ਸਫਰ ਸਹੂਲਤਾਂ ਦੇਣ ਦੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ ਲੋਕਾਂ ਨੂੰ ਬੱਸਾਂ ਤਕ ਮੁਹੱਈਆ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਕੰਮ ਦੁਗਣਾ ਹੋਣ ਦੇ ਨਾਲ-ਨਾਲ 50 ਫੀਸਦੀ ਸਵਾਰੀਆਂ ਹੋਣ ਨਾਲ ਆਮ ਜਨਤਾ ਤੇ ਮੁਲਾਜ਼ਮਾਂ ਨੂੰ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ 'ਚ ਰੋਡਵੇਜ ਅਤੇ ਪਨਬੱਸ ਮੁਲਾਜ਼ਮ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਸਹੂਲਤਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਹੁਣ ਫ੍ਰੀ ਸਫਰ ਸਹੂਲਤਾਂ ਦੇ ਨਾਂ ਹੇਠ ਸਰਕਾਰੀ ਟ੍ਾਂਸਪੋਰਟ ਨੂੰ ਬੰਦ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਕਿਉਂਕਿ ਪਨਬੱਸ ਤੇ ਪੀਆਰਟੀਸੀ ਨੂੰ ਕੋਈ ਬਜਟ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਲੱਗਭੱਗ 2 ਅਦਾਰਿਆਂ ਦਾ 30-35 ਕਰੋੜ ਰੁਪਏ ਦਾ ਮਹੀਨੇ ਦਾ ਡੀਜ਼ਲ ਹੈ, ਜਦੋਂ ਕਿ ਬੱਸਾਂ ਦੀ ਇਨਕਮ ਖ਼ਤਮ ਹੋ ਗਈ ਹੈ ਜਦਕਿ ਸਰਕਾਰ ਨੇ ਫ੍ਰੀ ਸਫਰ ਸਹੂਲਤਾਂ ਕੇਵਲ ਵੋਟਾਂ ਇਕੱਤਰ ਕਰਨ ਲਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ ਨੂੰ ਬਚਾਉਣ ਲਈ ਤੇ ਆਪਣੇ ਰੋਜ਼ਗਾਰ ਨੂੰ ਬਚਾਉਣ (ਪੱਕਾ ਕਰਾਉਣ) ਲਈ ਵਰਕਰ ਲੜਾਈ ਲੜ ਰਹੇ ਹਨ ਅਤੇ ਮਹਾਮਾਰੀ ਦੌਰਾਨ ਪਨਬੱਸ ਵਰਕਰ ਫ਼ਰੰਟ ਲਾਇਨ ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੁਸ਼ਿਆਰਪੁਰ ਡਿਪੂ 'ਚ ਵਰਕਰ ਯੂਨਿਸ ਮਸੀਹ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਮੌਤ ਹੋ ਗਈ ਹੈ ਅਤੇ ਯੂਨੀਅਨ ਮੰਗ ਕਰਦੀ ਹੈ ਕਿ ਯੂਨਿਸ ਮਸੀਹ ਦੇ ਪਰਿਵਾਰ ਨੂੰ ਸਰਕਾਰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਨਹੀਂ ਤਾਂ ਤਿੱਖਾ ਸੰਘਰਸ਼ ਕਰਨ ਤੋਂ ਯੂਨੀਅਨ ਪਿੱਛੇ ਨਹੀਂ ਹਟੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਰੋਡਵੇਜ਼ ਤੇ ਪੀਆਰਟੀਸੀ 'ਚ ਬੱਸਾਂ ਦੀ ਗਿਣਤੀ ਘੱਟੋ-ਘੱਟ 10 ਹਜ਼ਾਰ ਕੀਤੀ ਜਾਵੇ। ਇਸ ਮੌਕੇ ਸਕੱਤਰ ਜਗਦੀਪ ਸਿੰਘ, ਰਾਜਬੀਰ ਸਿੰਘ, ਵਰਕਸ਼ਾਪ ਪ੍ਰਧਾਨ ਅਵਤਾਰ ਸਿੰਘ, ਕੈਸ਼ੀਅਰ ਜਗਰੂਪ ਗਿੱਲ, ਚੇਅਰਮੈਨ ਰਜਿੰਦਰ ਸਿੰਘ, ਸਰਪਰਸਤ ਰਛਪਾਲ ਸਿੰਘ ਅਦਿ ਹਾਜ਼ਰ ਸਨ।