ਪਵਨ ਤੇ੍ਹਨ/ਸੁਖਦੇਵ ਸਿੰਘ, ਬਟਾਲਾ

ਨਵਤੇਜ ਹਿਮਿਊਨਿਟੀ ਹਸਪਤਾਲ ਦੇ ਸੰਚਾਲਕ ਤੇ ਸਮਾਜ ਸੇਵੀ ਨਵਤੇਜ ਸਿੰਘ ਗੁੱਗੂ, ਜਿਸ ਨੂੰ ਬਟਾਲਾ ਪੁਲਿਸ ਨੇ ਪੁਲਿਸ ਨਾਲ ਹੋਏ ਤਕਰਾਰ ਦੌਰਾਨ ਦਰਜ ਮਾਮਲੇ 'ਚ ਗਿ੍ਫਤਾਰ ਕੀਤਾ ਹੈ, ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਕਚਹਿਰੀ ਰੋਡ ਮਾਡਲ ਟਾਊਨ ਬਟਾਲਾ ਵਿਖੇ ਸੜਕ ਜਾਮ ਕਰ ਕੇ ਰੋਸ ਧਰਨਾ ਦਿੱਤਾ। ਇਹ ਰੋਸ ਧਰਨਾ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਪਰਵਾਨਾ ਦੀ ਅਗਵਾਈ 'ਚ ਦਿੱਤਾ ਗਿਆ। ਇਸ ਰੋਸ ਧਰਨੇ 'ਚ ਆਪਣਾ ਫਰਜ਼ ਸੇਵਾ ਸੁਸਾਇਟੀ ਪਟਿਆਲਾ ਦੇ ਸੇਵਾਦਾਰ ਪਾਲ ਸਿੰਘ ਖਰੌੜ, ਬਾਬਾ ਦੀਪ ਸਿੰਘ ਸੇਵਾ ਦਲ ਹੁਸ਼ਿਆਰਪੁਰ ਦੇ ਮਨਜੋਤ ਸਿੰਘ, ਬੇਆਸਰਿਆਂ ਦਾ ਆਸਰਾ ਸੇਵਾ ਸੁਸਾਇਟੀ ਵੱਲਾ ਦੇ ਹੈਪੀ ਵੱਲਾ, ਬਜਰੰਗ ਦਲ ਜਲੰਧਰ ਦੇ ਗੌਰਵ ਕੁਮਾਰ, ਇੰਦਰਜੀਤ, ਗੁਰੂ ਕਲਗੀਧਰ ਸੇਵਕ ਜਥਾ ਅਤੇ ਸਿੱਖ ਸਦਭਾਵਨਾ ਦਲ ਦੇ ਆਗੂ ਗੁਰਪ੍ਰਰੀਤ ਸਿੰਘ, ਰਜਿੰਦਰ ਸਿੰਘ ਪਸਨਾਵਾਲ, ਆਪ ਆਗੂ ਪੀਟਰ ਚੀਦਾ, ਲੋਕ ਇਨਸਾਫ ਪਾਰਟੀ ਹਲਕਾ ਬਟਾਲਾ ਦੇ ਇੰਚਾਰਜ ਵਿਜੇ ਤ੍ਰੇਹਨ, ਮਨਜੋਤ ਸਿੰਘ ਮੋਤੀ, ਗਗਨਦੀਪ ਸਿੰਘ ਖਾਲਸਾ, ਭਾਈ ਜਬਰਜੰਗ ਸਿੰਘ ਮੰਗੂ ਮੱਠ ਵਾਲੇ, ਭਾਈ ਮਨਦੀਪ ਸਿੰਘ ਖਾਲਸਾ ਅਕਾਲ ਪੁਰਖ ਕੀ ਫੌਜ ਅਤੇ ਹੋਰ ਜਥੇਬੰਦੀਆਂ ਨੇ ਵੀ ਇਸ ਰੋਸ ਧਰਨੇ ਦਾ ਸਮਰਥਨ ਦਿੱਤਾ। ਜਥੇਬੰਦੀਆਂ ਨੇ ਮੰਗ ਕੀਤੀ ਕਿ ਨਵਤੇਜ ਸਿੰਘ ਗੁੱਗੂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਧਰਨੇ ਦੇ ਪ੍ਰਬੰਧਕ ਬਲਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਜਥਾ ਰਾਜਪੁਰਾ ਨੇ ਕਿਹਾ ਕਿ ਨਵਤੇਜ ਸਿੰਘ ਗੁੱਗੂ ਜੋ ਪਿਛਲੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦਾ ਰਿਹਾ ਨੂੰ ਬਟਾਲਾ ਪੁਲਿਸ ਨੇ ਜਾਣ ਬੁੱਝ ਕੇ ਇਕ ਮਾਮਲੇ 'ਚ ਗਿ੍ਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੀ ਪੁਲਿਸ ਪ੍ਰਸ਼ਾਸਨ ਸੇਵਾ ਕਰਨ ਵਾਲੇ ਲੋਕਾਂ ਨੂੰ ਜਾਣ ਬੁੱਝ ਕੇ ਸੇਵਾ ਨਹੀਂ ਕਰਨ ਦੇ ਰਹੇ। ਉਨ੍ਹਾਂ ਕਿਹਾ ਕਿ ਨਵਤੇਜ ਗੁੱਗੂ ਗਰੀਬ ਲੋਕਾਂ ਦੀ ਭਲਾਈ ਤੇ ਉਨ੍ਹਾਂ ਦੇ ਇਲਾਜ ਲਈ ਇਕ ਬਹੁਤ ਵਧੀਆ ਹਸਪਤਾਲ ਚਲਾ ਰਹੇ ਸਨ ਪਰ ਕੁੱਝ ਦੋਖੀ ਲੋਕ ਉਸ ਦੀ ਸੇਵਾ ਤੋਂ ਦੁਖੀ ਹਨ , ਜਿਸ ਕਰ ਕਰਕੇ ਉਸ ਨੂੰ ਨਾਜਾਇਜ਼ ਮਾਮਲੇ 'ਚ ਫਸਾਇਆ ਗਿਆ ਹੈ ਅਤੇ ਉਸ ਨੂੰ ਥਾਣੇ 'ਚ ਬੰਦ ਰੱਖਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਨਵਤੇਜ ਸਿੰਘ ਗੁੱਗੂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਜਬਰਜੰਗ ਸਿੰਘ ਮੰਗੂ ਮੱਠ ਵਾਲਿਆਂ ਨੇ ਵੀ ਕਿਹਾ ਕਿ ਪੁਲਿਸ ਲੋਕ ਹਿੱਤਾਂ ਦੀ ਪਹਿਰੇਦਾਰ ਹੋਣ ਦੀ ਬਜਾਏ ਕੁਝ ਰਾਜਨੀਤੀ ਹੱਥ ਠੋਕਿਆਂ ਦੇ ਹੱਥਾਂ 'ਚ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਨਵਤੇਜ ਸਿੰਘ ਗੁੱਗੂ ਜਿਸ ਨੇ ਆਪਣਾ ਪੂਰਾ ਜੀਵਨ ਸੇਵਾ ਨੂੰ ਸਮਰਪਿਤ ਕੀਤਾ ਹੋਇਆ ਹੈ, ਉਸ ਨੂੰ ਸੇਵਾ ਕਰਨ ਤੋਂ ਰੋਕਣ ਲਈ ਪੁਲਿਸ ਨੇ ਮਾਮਲਿਆਂ 'ਚ ਫਸਾ ਦਿੱਤਾ ਹੈ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਨਵਤੇਜ ਸਿੰਘ ਗੁੱਗੂ ਨੂੰ ਰਿਹਾਅ ਕੀਤਾ ਜਾਵੇ ਨਹੀਂ ਤਾਂ ਉਹ ਆਉਂਦੇ ਦਿਨਾਂ 'ਚ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਇਸ ਧਰਨੇ ਤੋਂ ਬਾਅਦ ਬਟਾਲਾ ਪੁਲਿਸ ਨੂੰ ਸਖਤ ਪ੍ਰਬੰਧ ਕਰਨੇ ਪਏ। ਐੱਸਐੱਸਪੀ ਬਟਾਲਾ ਵੱਲੋਂ ਐੱਸਪੀ ਓਪਰੇਸ਼ਨ ਵਰਿੰਦਰਪ੍ਰਰੀਤ ਸਿੰਘ ਦੀ ਡਿਊਟੀ ਲਾ ਧਰਨੇ 'ਤੇ ਬੈਠੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਬਲਜਿੰਦਰ ਸਿੰਘ ਪਰਵਾਨਾ ਅਤੇ ਹੋਰ ਸੇਵਾਦਾਰਾਂ ਦੀ ਇੱਕ ਮੀਟਿੰਗ ਐੱਸਐੱਸਪੀ ਬਟਾਲਾ ਨਾਲ ਹੋਈ, ਜਿਸ 'ਤੇ ਭਰੋਸਾ ਮਿਲਣ ਤੋਂ ਬਾਅਦ ਇਹ ਧਰਨਾ ਖ਼ਤਮ ਕੀਤਾ ਗਿਆ। ਬਲਜਿੰਦਰ ਸਿੰਘ ਪਰਵਾਨਾ ਨੇ ਧਰਨੇ 'ਚ ਸ਼ਾਮਲ ਜਥੇਬੰਦੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਅਗਲੇਰਾ ਪ੍ਰਰੋਗਰਾਮ ਉਲੀਕਿਆ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਬਟਾਲਾ ਪੁਲਿਸ ਵੱਲੋਂ ਅੱਜ ਨਵਤੇਜ ਸਿੰਘ ਗੁੱਗੂ ਨੂੰ ਅਦਾਲਤ 'ਚ ਪੇਸ਼ ਕਰਕੇ ਹੋਰ ਰਿਮਾਂਡ ਲਈ ਮੰਗ ਕੀਤੀ ਗਈ ਸੀ ਪਰ ਅਦਾਲਤ ਵੱਲੋਂ ਉਸ ਨੂੰ 27 ਜੁਲਾਈ ਤਕ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ।