ਆਕਾਸ਼, ਗੁਰਦਾਸਪੁਰ

ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਮੰਡਲ ਗੁਰਦਾਸਪੁਰ ਵੱਲੋਂ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਅਤੇ ਪੰਜਾਬ ਵਿਚ ਨਸ਼ੇ ਦੇ ਵੱਗਦੇ ਦਰਿਆ ਦੇ ਵਿਰੋਧ ਵਿਚ ਗੁਰਦਾਸਪੁਰ ਮੰਡਲ ਦੇ ਸਹਿਯੋਗ ਨਾਲ ਸਥਾਨਕ ਗੁਰੂ ਨਾਨਕ ਪਾਰਕ ਵਿਚ ਇਕ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਸੰਤੋਸ਼ ਮਹਾਜਨ ਨੇ ਕੀਤੀ।

ਇਸ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਮੰਡਲ ਪ੍ਰਧਾਨ ਭਾਜਪਾ ਗੁਰਦਾਸਪੁਰ ਅਤੁਲ ਮਹਾਜਨ ਨੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਮਾਜਿਕ ਦੂਰੀ ਦਾ ਖਿਆਲ ਰੱਖਣ ਲਈ ਕਿਹਾ। ਇਸ ਮੌਕੇ ਮਹਿਲਾ ਮੋਰਚਾ ਨੇ ਪੰਜਾਬ ਸਰਕਾਰ, ਸਰਾਬ ਮਾਫੀਆ ਅਤੇ ਡਰੱਗ ਮਾਫੀਆ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਮੁਰਦਾਬਾਦ, ਸ਼ਰਾਬ ਮਾਫੀਆ ਮੁਰਦਾਬਾਦ,ਨਸ਼ੇ ਦੇ ਦਰਿਆ ਵਿੱਚ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੀ ਸਰਕਾਰ ਹਟਾਓ, ਮਿ੍ਤਕਾਂ ਨੂੰ ਇਨਸਾਫ ਦਿਓ, ਸੀਬੀਆਈ ਦੀ ਜਾਂਚ ਕਰੋ, ਰੋਂਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਨਸ਼ਾ ਮੁਕਤ ਪੰਜਾਬ ਦੀ ਝੂਠੀ ਸਹੁੰ ਚੁੱਕਣ ਵਾਲੀ ਸਰਕਾਰ ਮੁਰਦਾਬਾਦ, ਵਰਗੇ ਕਈ ਨਾਅਰੇ ਲਗਾਉਂਦੇ ਹੋਏ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ ਗਿਆ।

ਇਸ ਮੌਕੇ ਸੰਤੋਸ਼ ਮਹਾਜਨ ਨੇ ਕਿਹਾ ਕਿ ਸੈਂਕੜਾਂ ਮਹਿਲਾਵਾਂ ਦੇ ਸੁਹਾਗ ਅਤੇ ਭਰਾ ਖੋਹਣ ਵਾਲੀ ਸਰਕਾਰ ਨੂੰ ਪੰਜਾਬ ਦੀਆਂ ਮਹਿਲਾਵਾਂ ਕਦੇ ਮਾਫ ਨਹੀਂ ਕਰਨਗੀਆਂ। ਇਸ ਮੌਕੇ ਭਾਜਪਾ ਮਹਿਲਾ ਆਗੂ ਮੰਜੂ ਮਹਾਜਨ,ਪਰਮਜੀਤ ਕੌਰ,ਮਮਤਾ ਗੋਇਲ, ਨੀਲਮ, ਰਾਜ ਰਾਣੀ, ਰਾਜੇਸ ਕੁਮਾਰੀ, ਪੂਨਮ, ਸੀਲਾ, ਸੱਤਿਆ, ਪਲਵਿੰਦਰ ਕੌਰ, ਪੂਨਮ ਆਦਿ ਹਾਜ਼ਰ ਸਨ।