ਸ਼ਾਮ ਸਿੰਘ ਘੁੰਮਣ, ਦੀਨਾਨਗਰ

ਇਤਿਹਾਸਕ ਤੇ ਭਾਈਚਾਰਕ ਪੱਖੋਂ ਸਾਂਝੇ ਮੁਹੱਲਿਆਂ ਨੂੁੰ ਤੋੜ ਕੇ ਨਵੇਂ ਸਿਰਿਓਂ ਨਗਰ ਕੌਂਸਲ ਦੀਨਾਨਗਰ ਵੱਲੋਂ ਕੀਤੀ ਜਾ ਰਹੀ ਵਾਰਡਬੰਦੀ ਖ਼ਿਲਾਫ਼ ਲੋਕ ਲਹਿਰ ਖੜ੍ਹੀ ਹੋਣ ਲੱਗ ਪਈ ਹੈ। ਅੱਜ ਦੀਨਾਨਗਰ ਦੇ ਵਾਰਡ ਨੰਬਰ ਅੱਠ ਦੇ ਮੁਹੱਲਾ ਆਰੀਆ ਨਗਰ ਵਿਖੇ ਵੱਡੀ ਗਿਣਤੀ ਲੋਕਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਸਥਾਨਕ ਸਰਕਾਰਾਂ ਵਿਭਾਗ ਖ਼ਿਲਾਫ਼ ਮੁਜ਼ਾਹਰਾ ਕੀਤਾ ਤੇ ਨਵੀਂ ਵਾਰਡਬੰਦੀ ਨੂੰ ਲੋਕਾਂ ਦੀ ਭਾਈਚਾਰਕ ਸਾਂਝ ਦੇ ਖ਼ਿਲਾਫ਼ ਦੱਸਿਆ। ਇਸ ਮੌਕੇ ਇਕੱਤਰ ਹੋਈਆਂ ਮਹਿਲਾਵਾਂ ਨੇ ਕਿਹਾ ਕਿ ਇੱਕ ਵਿਸ਼ੇਸ ਬਰਾਦਰੀ ਨਾਲ ਸਬੰਧਤ ਆਰੀਆ ਨਗਰ ਮੁਹੱਲੇ ਨੂੰ ਨਵੀਂ ਵਾਰਡਬੰਦੀ 'ਚ ਤੋੜ ਕੇ ਵੱਖ-ਵੱਖ ਵਾਰਡਾਂ ਵਿਚ ਮਰਜ਼ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਸ ਬਰਾਦਰੀ ਨੂੰ ਰਾਜਨੀਤਕ ਪੱਖੋਂ ਨੁਕਸਾਨ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮੁਹੱਲਾ ਦੇਸ਼ ਦੀ ਵੰਡ ਤੋਂ ਬਾਅਦ ਹੋਂਦ ਵਿਚ ਆਇਆ ਸੀ ਤੇ ਉਦੋਂ ਤੋਂ ਹੀ ਇੱਥੇ ਰਹਿ ਰਹੇ ਲੋਕ ਆਪਸ ਵਿਚ ਭਾਈਚਾਰਕ ਤੌਰ 'ਤੇ ਜੁੜੇ ਹੋਏ ਹਨ। ਹਰ ਵਾਰ ਅਪਣੀਆਂ ਦੁੱਖ ਤਕਲੀਫਾਂ ਸਮਝਣ ਵਾਲਾ ਨੁਮਾਇੰਦਾ ਚੁਣ ਕੇ ਨਗਰ ਕੌਂਸਲ ਵਿਚ ਭੇਜਦੇ ਹਨ, ਪਰ ਇਸ ਵਾਰ ਨਗਰ ਕੌਂਸਲ ਵੱਲੋਂ ਕਿਸੇ ਸਾਜ਼ਿਸ਼ ਤਹਿਤ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਵਿਚ ਤਰੇੜਾਂ ਪਾਉਣ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ, ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ 1985 ਵਿਚ ਜਦੋਂ ਇਹ ਮੁਹੱਲਾ ਨਗਰ ਕੌਂਸਲ ਦੀਨਾਨਗਰ ਵਿਚ ਸ਼ਾਮਲ ਕੀਤਾ ਗਿਆ ਸੀ ਉਦੋਂ ਤੋਂ ਹੀ ਇੱਥੇ ਦੋ ਮੁੱਖ ਪਾਰਟੀਆਂ ਚੋਣਾਂ ਲੜਦੀਆਂ ਆ ਰਹੀਆਂ ਹਨ। 1985 ਤੋਂ ਬਾਅਦ ਕਈ ਵਾਰ ਵਾਰਡਬੰਦੀ ਕੀਤੀ ਗਈ ਪਰ ਕਦੇ ਵੀ ਇਸ ਮੁਹੱਲੇ ਨੂੰ ਤੋੜਿਆ ਨਹੀਂ ਗਿਆ ਪਰ ਇਸ ਵਾਰ ਇਸ ਮੁਹੱਲੇ ਨੂੰ ਵੱਖ ਵੱਖ ਵਾਰਡਾਂ ਵਿਚ ਵੰਡ ਕੇ ਲੋਕਾਂ ਦੀ ਆਪਸੀ ਸਾਂਝ ਨੂੰ ਖਤਮ ਕਰਨ ਦੀ ਜੋ ਚਾਲ ਚੱਲੀ ਜਾ ਰਹੀ ਹੈ ਉਸ ਦਾ ਸਖਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਸਥਾਨਕ ਸਰਕਾਰਾਂ ਵਿਭਾਗ ਤੋਂ ਮੰਗ ਕੀਤਾ ਹੈ ਕਿ ਉਨ੍ਹਾਂ ਦੇ ਮੁਹੱਲੇ ਸਣੇ ਹੋਰਨਾਂ ਭਾਈਚਾਰਕ ਸਾਂਝ ਤੇ ਇਤਿਹਾਸਕ ਪੱਖ ਤੋਂ ਮਹੱਤਵਪੂਰਨ ਮੁਹੱਲਿਆਂ ਨੂੰ ਤੋੜਿਆ ਨਾ ਜਾਵੇ। ਇਸ ਮੌਕੇ ਸੰਤੋਸ਼ ਕੁਮਾਰੀ, ਰਾਜ ਕੁਮਾਰੀ, ਮੰਜੂ ਬਾਲਾ, ਰਾਮ ਪਿਆਰੀ, ਅਨੂੰ ਬਾਲਾ, ਮਧੂ ਬਾਲਾ, ਰਮਾਂ, ਕਮਲਜੀਤ ਕੌਰ, ਕੁੰਤੀ ਦੇਵੀ, ਦਲੀਪ ਸਿੰਘ, ਪ੍ਰਰੇਮ ਲਾਲ, ਜਰਨੈਲ ਸਿੰਘ, ਲਖਵਿੰਦਰ ਸਿੰਘ, ਬੀਰ ਸਿੰਘ, ਰਤਨ ਲਾਲ, ਰਵੀਸ਼ ਕੁਮਾਰ, ਤਰਸੇਮ ਲਾਲ, ਜਗਦੀਸ਼ ਲਾਲ, ਮਨੋਜ ਕੁਮਾਰ, ਵਿਨੋਦ ਕੁਮਾਰ, ਬਲਦੇਵ ਸਿੰਘ, ਦਰਸ਼ਨ ਲਾਲ ਤੇ ਵਿਜੇ ਕੁਮਾਰ ਵੀ ਹਾਜ਼ਰ ਸਨ।