ਸਟਾਫ ਰਿਪੋਰਟਰ, ਪਠਾਨਕੋਟ : ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਪ੍ਰਧਾਨ ਗੁਰਨਾਮ ਸਿੰਘ ਸੈਣੀ ਦੀ ਅਗਵਾਈ 'ਚ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਾ ਮਿਲਣ ਕਾਰਨ ਰੋਸ ਪ੍ਰਗਟ ਕੀਤਾ। ਇਸ ਰੋਸ ਪ੍ਰਦਰਸ਼ਨ 'ਚ ਖ਼ਾਸ ਤੌਰ 'ਤੇ ਚਰਨ ਕਮਲ ਸ਼ਰਮਾ ਤੇ ਕਰਮਚਾਰੀ ਦਲ ਦੇ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਰਵਿੰਦਰ ਸਿੰਘ ਜੱਗਾ ਮੌਜੂਦ ਹੋਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਨਖ਼ਾਹਾਂ ਨਾ ਦੇਣ 'ਤੇ ਮੁਲਾਜ਼ਮਾਂ ਦਾ ਜੀਵਨ ਪੱਧਰ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਤੇ ਉਨ੍ਹਾਂ ਨੂੰ ਆਪਣਾ ਰੋਜ਼ਮਰਾ ਜੀਵਨ ਚਲਾਉਣ ਲਈ ਬੜੀ ਮੁਸ਼ਕਿਲ ਹੋ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ 09/12/2019 ਅੱਜ ਨਾ ਜਾਰੀ ਕੀਤੀਆਂ ਗਈਆਂ ਤਾਂ ਦਫਤਰ ਨੂੰ ਤਾਲੇ ਲਗਾ ਦਿੱਤੇ ਜਾਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਰਣਜੀਤ ਸਾਗਰ ਡੈਮ ਦੀਆਂ ਹੋਰਨਾਂ ਯੂਨੀਅਨਾਂ ਨੇ ਵੀ ਇਸ ਰੋਸ ਮੁਜ਼ਾਹਰੇ ਵਿਚ ਹਿੱਸਾ ਲੈ ਸਮਰਥਨ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੈਣੀ ਚਰਨ ਕਮਲ ਸ਼ਰਮਾ ਸਲਵਿੰਦਰ ਸਿੰਘ ਲਾਧੂਪੁਰ ਰਵਿੰਦਰ ਸਿੰਘ ਜੱਗਾ ਨਿਵੇਸ਼ ਡੋਗਰਾ ਸੋਹਣ ਲਾਲ ਆਦਿ ਮੌਜੂਦ ਸਨ।