ਆਕਾਸ਼, ਗੁਰਦਾਸਪੁਰ

ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਵਫਦ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਡੀਸੀ ਗੁਰਦਾਸਪੁਰ ਨੂੰ ਮਿਲਿਆ ਤੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਡੀਸੀ ਨੂੰ ਸੌਂਪਿਆ ਗਿਆ। ਇਸ ਦੌਰਾਨ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ। ਇਸ ਮੌਕੇ ਕੁਲਹਿੰਦ ਕਿਸਾਨ ਸਭਾ ਦੇ ਜਸਬੀਰ ਸਿੰਘ ਕੱਤੋਵਾਲ, ਜਸਬੀਰ ਸਿੰਘ, ਪੱਗੜੀ ਸੰਭਾਲ ਜੱਟਾ ਲਹਿਰ ਦੇ ਗੁਰਪ੍ਰਤਾਪ ਸਿੰਘ, ਸੁਖਦੇਵ ਸਿੰਘ ਭਾਗੋਕਾਵਾ ਆਦਿ ਨੇ ਦੱਸਿਆ ਕਿ ਕਿਸਾਨੀ ਦਾ ਸਰਵਪੱਖੀ ਸੰਕਟ ਆਏ ਦਿਨ ਹੋਰ ਤੋਂ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ, ਜਿਸ ਨੂੰ ਹੱਲ ਕਰਨ ਲਈ ਸਰਕਾਰੀ ਤੇ ਪ੍ਰਸ਼ਾਸਨਿਕ ਪੱਧਰ 'ਤੇ ਵਿਸ਼ੇਸ਼ ਉਪਰਾਲੇ ਕੀਤੇ ਜਾਣ ਦੀ ਸਖ਼ਤ ਜ਼ਰੂਰਤ ਹੈ। ਕਿਸਾਨਾਂ ਦੀਆਂ ਭੱਖਦੀਆਂ ਤੇ ਚੁੱਭਵੀਆਂ ਮੰਗਾਂ ਤੇ ਸਮੱਸਿਆਵਾਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਗੰਨਾ ਉਤਪਾਦਕ ਕਿਸਾਨਾਂ ਦੇ ਸਹਿਕਾਰੀ ਤੇ ਪ੍ਰਰਾਈਵੇਟ ਖੰਡ ਮਿੱਲਾਂ ਵੱਲ ਖੜ੍ਹੇ ਬਕਾਏ ਸਮੇਤ ਪ੍ਰਰਾਈਵੇਟ ਮਿੱਲਾਂ ਵੱਲੋਂ ਦਿੱਤੇ ਜਾਣ ਵਾਲੇ ਪ੍ਰਤੀ ਕੁਵਿੰਟਲ 25 ਰੁਪਏ ਤੁੰਰਤ ਅਦਾ ਕਰਵਾਏ ਜਾਣ। ਖੜ੍ਹੇ ਬਕਾਏ ਵਿਚ ਗੰਨਾ ਸੀਜ਼ਨ 2018-19 (ਪਿਛਲਾ ਸੀਜ਼ਨ) ਦੇ ਬਕਾਏ ਵੀ ਸ਼ਾਮਲ ਹਨ ਤੇ ਪਨਿਆੜ ਮਿੱਲ ਦੀ ਸਮਰਥਾ ਤੁਰੰਤ ਵਧਾਈ ਜਾਵੇ। ਗੰਨਾ ਕਾਸ਼ਤ ਕਰਨ ਵਾਲੇ ਪਿੰਡ ਖੰਡ ਮਿੱਲ ਦੇ ਨਾਲ ਲੱਗਦੇ ਖੇਤਰ ਦੀ ਸ਼ਰਤ ਦੇ ਆਧਾਰ 'ਤੇ ਨਵੇਂ ਸਿਰ ਤੋਂ ਪੱਕੇ ਤੌਰ 'ਤੇ ਇਕਸਾਰ ਤੇ ਸਮੁੱਚੇ ਰੂਪ ਵਿਚ ਨਾਲ ਲੱਗਦੀ ਮਿਲ ਨੂੰ ਅਲਾਟ ਕੀਤੇ ਜਾਣ। ਉਨ੍ਹਾਂ ਨੇ ਦੱਸਿਆ ਕਿ ਬੀਤੇ ਹਾੜੀ ਸੀਜ਼ਨ 2018-19 ਦੌਰਾਨ ਹੋਈ ਬੇਮੌਸਮੀ ਬਰਸਾਤ ਨਾਲ ਕਣਕ ਸਮੇਤ ਹੋਰ ਫਸਲਾਂ ਦੀ ਹੋਈ ਤਬਾਹੀ ਦਾ 25 ਹਜ਼ਾਰ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਸਾਰੀਆਂ ਸਰਕਾਰੀ ਤੇ ਨਿੱਜੀ ਖੰਡ ਮਿੱਲਾਂ ਇਕ ਨਵੰਬਰ ਤੋਂ ਚਲਾਈਆਂ ਜਾਣ, ਖੰਡ ਮਿੱਲ ਕੀੜੀ ਅਫਗਾਨਾ ਵੱਲੋਂ ਸਥਾਨਕ ਤੇ ਬਾਹਰੀ ਗੰਨਾ ਉਤਪਾਦਕਾਂ ਨੂੰ ਵੱਖ-ਵੱਖ ਕਰਕੇ ਬਾਹਰੀ ਕਿਸਾਨਾਂ ਨਾਲ ਕੀਤਾ ਜਾ ਰਿਹਾ ਵਿਤਕਰਾ ਬੰਦ ਕਰਵਾਇਆ ਜਾਵੇ ਤੇ ਗੰਨਾ ਉਤਪਾਦਕਾਂ ਨਾਲ ਇਕਸਾਰ ਰਵੱਈਆ ਅਖਤਿਆਰ ਕੀਤਾ ਜਾਣਾ ਸ਼ੁਰੂ ਕਰਵਾਇਆ ਜਾਵੇ।