ਡੀਸੀ ਤੇ ਪਸ਼ੂ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਲਿਆ ਪਸ਼ੂ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ

ਪਵਨ ਤੇ੍ਹਨ, ਬਟਾਲਾ

ਰਾਸ਼ਟਰੀ ਪਸ਼ੂਧੰਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ-2020 ਪੰਜਾਬ ਸਰਕਾਰ ਵੱਲੋਂ ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ 27 ਫਰਵਰੀ, 2020 ਤੋਂ 2 ਮਾਰਚ, 2020 ਤੱਕ ਬਟਾਲਾ ਦੇ ਪੁੱਡਾ ਮੈਦਾਨ ਵਿਖੇ ਕਰਵਾਈ ਜਾ ਰਹੀ ਹੈ। ਇਸ ਪਸ਼ੂਧੰਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਪਸ਼ੂ ਪਾਲਣ ਵਿਭਾਗ ਦੇ ਵਿਸ਼ੇਸ਼ ਸਕੱਤਰ ਮਨਪ੍ਰਰੀਤ ਸਿੰਘ ਛਤਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਅਤੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਵਲੋਂ ਅੱਜ ਬਟਾਲਾ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਐੱਸਐੱਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਤਜਿੰਦਰਪਾਲ ਸਿੰਘ ਸੰਧੂ, ਐੱਸਡੀਐੱਮ ਬਟਾਲਾ ਬਲਵਿੰਦਰ ਸਿੰਘ, ਅਸਟੇਟ ਅਫ਼ਸਰ ਪੱੁਡਾ ਅਨਮਜੋਤ ਕੌਰ, ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਵਿਸ਼ੇਸ਼ ਸਕੱਤਰ ਮਨਪ੍ਰਰੀਤ ਸਿੰਘ ਛਤਵਾਲ ਨੇ ਕਿਹਾ ਕਿ 27 ਫਰਵਰੀ ਨੂੰ ਇਹ ਪੰਜ ਰੋਜ਼ਾ ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ-2020 ਸ਼ੁਰੂ ਹੋ ਜਾਵੇਗੀ। ਜਿਸ ਵਿੱਚ ਪੰਜਾਬ ਸਮੇਤ ਦੂਸਰੇ ਸੂਬਿਆਂ ਦੇ ਪਸ਼ੂ ਪਾਲਕ ਵੀ ਆਪਣੇ ਵਧੀਆ ਨਸਲ ਦੇ ਪਸ਼ੂਆਂ ਨਾਲ ਮੁਕਾਬਲੇ ਵਿੱਚ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਪਸ਼ੂ ਮੇਲੇ ਦੌਰਾਨ ਪਸ਼ੂਆਂ ਦੀ ਸਾਂਭ-ਸੰਭਾਲ, ਉਨ੍ਹਾਂ ਦੇ ਚਾਰੇ ਆਦਿ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ ਅਤੇ ਨਾਲ ਹੀ ਪਸ਼ੂ ਪਾਲਕਾਂ ਲਈ ਵੀ ਰਹਿਣ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 27 ਫਰਵਰੀ ਨੂੰ ਇਸ ਰਾਸ਼ਟਰੀ ਪਸ਼ੂ ਧੰਨ ਚੈਂਪੀਅਨਸ਼ਿਪ ਦਾ ਉਦਘਾਟਨ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਕਰਨਗੇ। ਡਿਪਟੀ ਕਮਿਸ਼ਨਰ ਜਨਾਫ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਇਸ ਪਸ਼ੂ ਧੰਨ ਚੈਂਪੀਅਨਸ਼ਿਪ ਵਿੱਚ ਦੁੱਧ ਚੋਆਈ ਅਤੇ ਨਸਲ ਦੇ ਮੁਕਾਬਲਿਆਂ ਵਿੱਚ ਜੇਤੂ ਜਾਨਵਰਾਂ ਦੇ ਮਾਲਕਾਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਮਿਲ ਕੇ ਕਿਸਾਨਾਂ, ਪਸ਼ੂਧਨ ਮਾਲਕਾਂ, ਵੈਟਰਨਰੀਜ, ਪੋਸ਼ਣ ਮਾਹਰ ਅਤੇ ਫੂਡ ਪ੍ਰਰੋਸੈਸਿੰਗ ਅਤੇ ਐਗਰੀ ਸਾਇੰਸ ਤੋਂ ਵੱਖ-ਵੱਖ ਭਾਈਵਾਲਾਂ ਲਈ ਬਟਾਲਾ ਵਿਖੇ ਇਸ ਵਿਸ਼ਾਲ ਸਮਾਰੋਹ ਦੇ 11ਵੇਂ ਅਡੀਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸਾਰਿਆਂ ਲਈ ਵਧੇਰੇ ਉਤਪਾਦਕਤਾ ਅਤੇ ਮੁਨਾਫਾ ਪ੍ਰਰਾਪਤ ਕਰਨ ਦੇ ਤਰੀਕਿਆਂ ਅਤੇ ਸਾਧਨਾਂ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਹ 11ਵੀਂ ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ 2020 ਪੰਜ ਦਿਨਾਂ ਤੱਕ ਚੱਲੇਗੀ। ਇਸ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਗਾਵਾਂ, ਮੱਝਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਹਨ ਅਤੇ ਨਾਲ ਹੀ ਘੋੜੇ, ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਸੂਰ, ਕੁੱਤੇ, ਪੋਲਟਰੀ ਦੇ ਨਸਲਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਮਾਲਕਾਂ ਨੂੰ ਉਨ੍ਹਾਂ ਦੇ ਪਸ਼ੂਆਂ ਦੀ ਦੇਖਭਾਲ ਅਤੇ ਪ੍ਰਬੰਧਨ ਲਈ ਵਿਗਿਆਨਕ ਅਤੇ ਤਕਨੀਕੀ ਜਾਣਨ ਸਬੰਧੀ ਉਤਸਾਹਤ ਕਰਨਗੇ ਤਾਂ ਜੋ ਦੁੱਧ ਦੀ ਪੈਦਾਵਾਰ ਨੂੰ ਵਧਾਇਆ ਜਾ ਸਕੇ ਅਤੇ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਜਨਾਬ ਇਸ਼ਫਾਕ ਨੇ ਕਿਹਾ ਕਿ ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ 2020 ਦੌਰਾਨ ਤਕਨੀਕੀ ਸੈਸ਼ਨ ਕਰਵਾਉਣ ਦੀ ਯੋਜਨਾ ਵੀ ਬਣਾਈ ਗਈ ਹੈ ਜੋ ਐਕਸਪੋ ਦੇ ਨਾਲ-ਨਾਲ ਚੱਲੇਗੀ। ਨਾਮਵਰ ਅਕਾਦਮਿਕ, ਵਿਗਿਆਨੀ, ਨੀਤੀ ਘਾੜੇ ਅਤੇ ਹੋਰ ਮਾਹਰ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਖੇਤਰ ਵਿਚ ਨਵੀਨਤਮ ਤਕਨੀਕਾਂ ਨੂੰ ਸਾਂਝਾ ਕਰਨ ਵਾਲੇ ਵੱਖ-ਵੱਖ ਸੈਸ਼ਨਾਂ ਨੂੰ ਸੰਬੋਧਿਤ ਕਰਨਗੇ ਜੋ ਕਿਸਾਨਾਂ ਦੀ ਉਤਪਾਦਕਤਾ ਨੂੰ ਵਧਾਉਣ ਵਿਚ ਸਹਾਇਤਾ ਕਰ ਸਕਦੇ ਹਨ। ਮੇਲੇ ਦੇ ਆਖਰੀ ਦਿਨ ਵਿਦਾਇਗੀ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਸਮੂਹ ਸੂਬੇ ਦੇ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਸ਼ੂਧੰਨ ਮੇਲੇ ਵਿੱਚ ਹਿੱਸਾ ਜਰੂਰ ਲੈਣ।