ਪਾਵਰਕਾਮ ਪੈਨਸ਼ਨਰਜ਼ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਗੁਰਦਾਸਪੁਰ ਸਰਕਲ ਅਧੀਨ ਬਟਾਲਾ ਧਾਰੀਵਾਲ, ਕਾਦੀਆਂ, ਗੁਰਦਾਸਪੁਰ ਤੇ ਪਠਾਨਕੋਟ ਮੰਡਲਾਂ ਦੇ ਹਜ਼ਾਰਾਂ ਪੈਨਸ਼ਨਰਜ਼ ਵੱਲੋਂ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਅਤੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ਼ ਦੀਆਂ ਲਟਕਦੀਆਂ ਮੰਗਾਂ ਪ੍ਰਤੀ ਡੰਗ ਟਪਾਊ ਵਰਤਾਰੇ ਦੇ ਵਿਰੋਧ ਵਿਚ ਰੋਸ ਭਰੇ ਮੁਜਾਹਰੇ ਕੀਤੇ ਗਏ। ਬਟਾਲਾ ਦੀ ਧਰਮ ਸਿੰਘ ਮਾਰਕਿਟ ਵਿਖੇ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸਕੱਤਰ ਇੰਜੀ: ਸੁਖਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਭਰ ਦੀਆਂ 17 ਪ੍ਰਮੁੱਖ ਟਰੇਡ ਯੂਨੀਅਨ ਨੇ ਥੱਕ ਹਾਰ ਕੇ ਇਸ ਦੇਸ਼ ਵਿਆਪੀ ਅੰਦੋਲਨ ਦਾ ਰਾਹ ਅਪਣਾਇਆ ਹੈ ਕਿਉਂਕਿ ਹਰ ਤਰ੍ਹਾਂ ਦੀ ਚਾਰਾ ਜੋਈ ਦੇ ਬਾਵਜੂਦ ਵੀ ਕੇਂਦਰ ਅਤੇ ਸੂਬਾ ਸਰਕਾਰ ਨੇ ਵੱਖ-ਵੱਖ ਮਹਿਕਮਿਆਂ ਵਿਚ ਕੰਮ ਕਰ ਰਹੇ ਲੱਖਾਂ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਅਤੇ ਜਾਇਜ਼ ਆਰਥਿਕ ਮੰਗਾਂ ਨੂੰ ਦਰ ਕਿਨਾਰਾ ਕਰ ਛੱਡਿਆ ਹੈ। ਦੇਸ਼ ਵਿਚ ਵੋਟਾਂ ਦੀ ਰਾਜਨੀਤੀ ਨਾਲ ਖੇਡਣ ਵਾਲੇ ਨੇਤਾਵਾਂ ਨੇ ਆਰਥਿਕ ਪੱਖੋਂ ਲੁੱਟ ਚੁੱਕੀ ਕਿਸਾਨੀ, ਰੁਜ਼ਗਾਰ ਲਈ ਸੰਘਰਸ਼ੀਲ ਜਵਾਨੀ ਤੇ ਪੀੜਤ ਮੁਲਾਜ਼ਮ ਵਰਗ ਨੂੰ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਹੋਣ ਦੇ ਬਾਵਜੂਦ ਵੀ ਟਿਚ ਸਮਿਝਆ ਹੈ ਜਿਸ ਕਰਕੇ ਸਭ ਪੀੜਤ ਵਰਗਾਂ ਨੂੰ ਇਕੱਠੇ ਹੋ ਕੇ ਸਰਕਾਰਾਂ ਖ਼ਿਲਾਫ਼ ਦੇਸ਼ ਵਿਆਪੀ ਸੰਘਰਸ਼ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੰਡਲ ਪ੍ਰਧਾਨ ਤੀਰਥ ਸਿੰਘ ਵਿਰਦੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਨਹੀਂ ਵਿਚਾਰਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਮਸਾ ਸਿੰਘ ਨੱਤ, ਜੋਗਿੰਦਰ ਸਿੰਘ ਰੰਧਾਵਾ, ਬਲਕਾਰ ਸਿਘ ਪੰਨੂੰ, ਅਮਰਜੀਤ ਸਿੰਘ ਰੰਧਾਵਾ, ਰਾਮ ਸਿੰਘ ਭਾਗੋਵਾਲੀਆ, ਰਮੇਸ਼ ਕੁਮਾਰ ਮਹਾਜਨ, ਅਵਤਾਰ ਸਿੰਘ, ਸੁਰਿੰਦਰ ਸਿੰਘ ਕਲਸੀ, ਹਰਦੀਪ ਸਿੰਘ, ਨਰਿੰਦਰ ਸਿੰਘ ਤੁੰਗ, ਅਮਰਜੀਤ ਸਿੰਘ, ਬਲਵੰਤ ਸਿੰਘ, ਸਵਰਕ ਸਿੰਘ, ਗੁਰਮੀਤ ਸਿੰਘ ਰੰਧਾਵਾ, ਸੇਵਾ ਸਿੰਘ, ਅਜੈਬ ਸਿੰਘ ਆਦਿ ਹਾਜ਼ਰ ਸਨ।