ਜਾ.ਸ., ਪਠਾਨਕੋਟ : ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਸੰਸਦ ਮੈਂਬਰ ਸੰਨੀ ਦਿਓਲ ਦੀ ਗੁਮਸ਼ੁਦਗੀ ਬਾਰੇ ਪੋਸਟਰ ਲਾਏ ਹਨ। ਸਟੇਸ਼ਨ ਦੀਆਂ ਸੱਤ ਥਾਵਾਂ 'ਤੇ ਪੋਸਟਰ ਲਾਉਣ ਪਿੱਛੋਂ 'ਆਪ' ਵਲੰਟਰੀਅਰਾਂ ਨੇ ਰੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਜਨਤਾ ਨੇ ਸੰਨੀ ਨੂੰ ਸਮੱਸਿਆਵਾਂ ਦਾ ਹੱਲ ਕਰਨ ਲਈ ਜਿਤਾ ਕੇ ਸੰਸਦ ਵਿਚ ਭੇਜਿਆ ਸੀ ਪਰ ਜਿੱਤਣ ਮਗਰੋਂ ਉਹ ਫਿਲਮੀ ਕਾਰੋਬਾਰ ਵਿਚ ਰੁੱਝੇ ਰਹਿੰਦੇ ਹਨ।

ਸੰਸਦੀ ਹਲਕਾ ਗੁਰਦਾਸਪੁਰ ਲਗਾਤਾਰ ਪੰਜਾਬ ਵਿਚ ਪੱਛੜ ਰਿਹਾ ਹੈ। 'ਆਪ' ਆਗੂ ਵਰੁਣ ਨੇ ਦੱਸਿਆ ਕਿ ਦੋ ਸਾਲਾਂ ਤੋਂ ਐੱਮਪੀ ਸੰਨੀ ਦਿਓਲ ਦੇ ਦਰਸ਼ਨ ਲੋਕਾਂ ਨੂੰ ਨਹੀਂ ਹੋ ਸਕੇ ਹਨ। ਉਹ ਕੋਵਿਡ ਤੋਂ ਪਹਿਲਾਂ ਦੇ ਗੁਰਦਾਸਪੁਰ ਆਏ ਹੋਏ ਹਨ। ਇਸ ਮਗਰੋਂ ਕੋਵਿਡ ਦਾ ਦੌਰ ਆ ਗਿਆ ਤੇ ਫਿਰ ਸੰਨੀ ਦੇ ਦੀਦਾਰ ਵੀ ਨਾ ਹੋ ਸਕੇ। ਕੋਵਿਡ ਮਗਰੋਂ ਉਹ ਗਦਰ-ਭਾਗ 2 ਬਣਾਉਣ ਵਿਚ ਰੁੱਝ ਗਏ। ਹਾਲਾਂਕਿ ਇਸ ਦੌਰਾਨ ਭਾਜਪਾ ਅਹੁਦੇਦਾਰ ਉਨ੍ਹਾਂ ਦੇ ਪਠਾਨਕੋਟ ਆਉਣ ਦੀ ਗੱਲ ਕਰਦੇ ਰਹੇ ਪਰ ਸੰਨੀ ਇੱਥੇ ਨਹੀਂ ਦੇਖੇ ਗਏ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਚੱਕੀ ਪੁਲ ਰੁੜ੍ਹ ਗਿਆ ਸੀ ਪਰ ਫਿਰ ਵੀ ਉਨ੍ਹਾਂ ਦਾ ਦਿਲ ਨਹੀਂ ਪਸੀਜਿਆ ਕਿ ਆਵਾਜ਼ ਬੁਲੰਦ ਕਰਾਂ।