ਜੈਸਿੰਘ ਛਿੱਬਰ/ਜੇਐੱਨਐੱਨ, ਡੇਰਾ ਬਾਬਾ ਨਾਨਕ (ਗੁਰਦਾਸਪੁਰ) : ਪੀਐੱਮ ਨਰਿੰਦਰ ਮੋਦੀ ਨੇ ਕਰਤਾਰਪੁਰ ਕਾਰੀਡੋਰ ਦੀ ਚੈੱਕਪੋਸਟ ਦਾ ਉਦਘਾਟਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪਹਿਲੇ ਜੱਥੇ ਨੂੰ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਕਾਰੀਡੋਰ ਲਈ ਰਵਾਨਾ ਕੀਤਾ ਜਿਸ ਨਾਲ ਸਿੱਖਾਂ ਦੀ 72 ਸਾਲਾਂ ਦੀ ਮੁਰਾਦ ਪੂਰੀ ਹੋ ਗਈ। ਜੱਥੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐੱਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਐੱਸਜੀਪੀਸੀ ਮੁੱਖ ਸਕੱਤਰ ਡਾ. ਰੂਪ ਸਿੰਘ, ਕੇਂਦਰੀ ਮੰਤਰੀ ਹਰਦੀਪ ਪੁਰੀ ਸਮੇਤ ਕਈ ਸਿਆਸੀ ਆਗੂ ਜੱਥੇ 'ਚ ਸ਼ਾਮਲ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਕਾਰੀਡੋਰ ਦੇ ਇੰਟੀਗ੍ਰੇਡਿਟ ਚੈੱਕਪੋਸਟ ਦਾ ਆਗਾਜ਼ ਕੀਤਾ। ਇਸ ਤੋਂ ਬਾਅਦ ਉਨ੍ਹਾਂ 550 ਲੋਕਾਂ ਦੇ ਪਹਿਲੇ ਜੱਥੇ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਕੀਤਾ। ਜੱਥੇ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਹਨ। ਮੋਦੀ ਨੇ ਝੰਡਾ ਦਿਖਾਉਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ। ਹੱਥ ਜੋੜ ਕੇ ਪ੍ਰਣਾਮ ਕੀਤਾ। ਉਨ੍ਹਾਂ ਜੱਥੇ 'ਚ ਸ਼ਾਮਲ ਲੋਕਾਂ ਨਾਲ ਇਕ-ਇਕ ਕਰ ਕੇ ਮੁਲਾਕਾਤ ਕੀਤੀ।

ਇਸ ਤੋਂ ਪਹਿਲਾਂ ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦਾ ਅਹਿੱਤ ਕਰਨ ਵਾਲੀਆਂ ਤਾਕਤਾਂ ਤੋਂ ਸਾਵਧਾਨ ਰਹੋ। ਅੱਜ ਇਤਿਹਾਸਕ ਮੌਕਾ ਹੈ। ਗੁਰੂ ਨਾਨਕ ਦੇਵ ਦੀ ਸਿੱਖਿਆ ਤੇ ਸਿੱਖ ਇਤਿਹਾਸ ਤੇ ਸਾਹਿਤ ਨੂੰ ਹੱਲਾਸ਼ੇਰੀ ਦੇਣ ਦੇ ਕਈ ਕਦਮ ਉਠਾਏ ਗਏ ਹਨ। ਕਾਰੀਡੋਰ ਸ਼ੁਰੂ ਹੋਣ ਨਾਲ ਸਿੱਖਾਂ ਦੀ ਮੁਰਾਦ ਪੂਰੀ ਹੋਈ ਹੈ। ਉਹ ਸਮਾਗਮ ਦੌਰਾਨ ਕੀਤੀ ਅਰਦਾਸ 'ਚ ਵੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਕਰੀਬ 25 ਮਿੰਟ ਭਾਸ਼ਣ ਦਿੱਤਾ।

25 ਮਿੰਟ ਦੇ ਭਾਸ਼ਣ ਤੋਂ ਬਾਅਦ ਛਕਿਆ ਲੰਗਰ

ਪ੍ਰਧਾਨ ਮੰਤਰੀ ਨੇ ਸਮਾਗਮ ਨੂੰ ਸੰਬੋਧਨ ਕਰਨ ਤੋਂ ਬਾਅਦ ਲੰਗਰ ਚਖਿਆ। ਉਨ੍ਹਾਂ ਨਾਲ ਮੁੱਖ ਮੰਤਰੀ ਕੈਪਨਟ ਅਮਰਿੰਦਰ ਸਿੰਘ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਹੋਰ ਆਗੂਆਂ ਨੇ ਵੀ ਲੰਗਰ ਚਖਿਆ. ਇਸ ਤੋਂ ਬਾਅਦ ਪ੍ਰਧਾਨ ਮੰਤਰੀ ਡੇਰਾ ਬਾਬਾ ਨਾਨਕ 'ਚ ਰੈਲੀ ਵਾਲੀ ਥਾਂ ਤੋਂ ਕਾਰੀਡੋਰ ਦੇ ਉਦਘਾਟਨ ਲਈ ਪਹੁੰਚੇ।

ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਦੀਆਂ ਚਾਰ ਉਦਾਸੀਆਂ ਸਮਾਜਿਕ ਪਰਿਵਰਤਨ ਦੀ ਅਹਿਮ ਮਿਸਾਲ ਸਨ। ਕਰਤਾਰਪੁਰ ਨਾਨਕ ਦੀ ਕਰਮ ਭੂਮੀ ਦੇ ਕਣ-ਕਣ 'ਚ ਬਾਬੇ ਨਾਨਕ ਦੇ ਪਸੀਨੇ ਦੀ ਖੁਸ਼ਬੂ ਆ ਰਹੀ ਹੈ। ਬਾਬਾ ਨਾਨਕ ਨੇ ਹਲ਼ ਚਲਾ ਕੇ ਖੇਤੀ ਕਰ ਕੇ ਕਿਰਤ ਕਰਨ ਦੀ ਉਦਾਹਰਨ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਤੇ ਮਰਦਾਨੇ ਨੂੰ ਆਪਣੇ ਨਾਲ ਰੱਖ ਕੇ ਛੋਟੇ-ਵੱਡੇ ਦਾ ਭੇਦਭਾਵ ਹੋਣ ਦੇ ਹੰਕਾਰ ਨੂੰ ਤੋੜਿਆ।

ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬੀਤੇ ਪੰਜ ਸਾਲਾਂ ਦੌਰਾਨ ਕੁਦਰਤ ਨੂੰ ਸੰਭਾਲਣ ਅਤੇ ਸੁਰੱਖਿਅਤ ਰੱਖਣ ਲਈ ਅਹਿਮ ਕਦਮ ਉਠਾਏ ਹਨ। ਕੇਂਦਰ ਸਰਕਾਰ ਨੇ ਸਿੱਖਾਂ ਦੇ ਪੰਜ ਤਖ਼ਤਾਂ ਨੂੰ ਆਪਸ 'ਚ ਜੋੜਨ ਲਈ ਰੇਲ ਗੱਡੀਆਂ ਤੇ ਹਵਾਈ ਸੇਵਾ ਨਾਲ ਜੋੜਿਆ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੰਡਨ ਤਕ ਜਾਣ ਵਾਲੇ ਜਹਾਜ਼ 'ਤੇ ਇਕ ਓਂਕਾਰ ਅੰਕਿਤ ਕੀਤਾ ਹੈ।

ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਕੌਮੀ ਸੇਵਾ ਪੁਰਸਕਾਰ ਦੇਣ ਨੂੰ ਸਿੱਖ ਗੁਰੂਆਂ, ਪੀਰਾਂ, ਪੈਗੰਬਰਾਂ, ਸੂਫੀਆਂ ਤੇ ਸੰਤਾਂ ਦੀ ਮਹਾਨ ਪਰੰਪਰਾ ਦਾ ਪ੍ਰਸਾਦਿ ਦੱਸਿਆ। ਉਨ੍ਹਾਂ ਆਪਣਾ ਭਾਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫ਼ਤਹਿ ਦੇ ਜੈਕਾਰੇ ਨਾਲ ਸ਼ੁਰੂ ਕੀਤਾ। ਮੋਦੀ ਨੇ ਕੇਸਰੀ ਦਸਤਾਰ ਸਜਾਈ ਹੋਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿੱਖਾਂ ਲਈ ਦੋ ਅਹਿਮ ਕਾਰਜ ਕੀਤੇ ਹਨ...ਇਕ ਕਾਲੀ ਸੂਚੀ ਖ਼ਤਮ ਕੀਤੀ ਤੇ ਦੂਜਾ ਧਾਰਾ 370 ਹਟਣ ਨਾਲ ਸਿੱਖਾਂ ਨੂੰ ਵੀ ਲਾਭ ਮਿਲੇਗਾ। ਜੰਮੂ ਕਸ਼ਮੀਰ 'ਚ ਸਿੱਖਾਂ ਨੂੰ ਉਹੀ ਅਧਿਕਾਰ ਮਿਲਣਗੇ ਜੋ ਬਾਕੀ ਹਿੰਦੂਆਂ ਨੂੰ ਮਿਲਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਖੁੱਲ੍ਹਣ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਆਸਾਨ ਹੋ ਜਾਣਗੇ। ਉਨ੍ਹਾਂ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਦਰਸ਼ਨਾਂ ਵਾਸਤੇ ਰਸਤਾ ਖੋਲ੍ਹਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕਰਦੇ ਹਨ। ਉਹ ਭਾਰਤ ਤੇ ਪਾਕਿਸਤਾਨ ਦੇ ਕਿਰਤੀਆਂ ਦਾ ਵੀ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਰਾਤ-ਦਿਨ ਲੱਗ ਕੇ ਕਾਰੀਡੋਰ ਦਾ ਕੰਮ ਪੂਰਾ ਕੀਤਾ।

ਪੀਐੱਮ ਨੇ ਕਿਹਾ ਕਿ ਗੁਰੂਦੇਵ ਨੇ ਪਾਣੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਕਿਹਾ ਸੀ ਕਿ ਪਾਣੀ ਨੂੰ ਹਮੇਸ਼ਾ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਪਾਣੀ ਨਾਲ ਸਾਰੀ ਸ੍ਰਿਸ਼ਟੀ ਨੂੰ ਜੀਵਨ ਮਿਲਦਾ ਹੈ। ਅੱਜ ਅਸੀਂ ਕੁਦਰਤ ਪ੍ਰਤੀ ਲਾਪਰਵਾਹ ਹੋ ਗਏ ਹਾਂ ਪਰ ਗੁਰੂ ਕੀ ਵਾਣੀ ਵਾਰ-ਵਾਰ ਇਹੀ ਕਹਿ ਰਹੀ ਹੈ ਕਿ ਵਾਪਸ ਪਰਤੋ, ਉਨ੍ਹਾਂ ਸੰਸਕਾਰਾਂ ਵੱਲ ਵਾਪਸੀ ਕਰੋ ਜਿਹੜੇ ਕੁਦਰਤ ਨੇ ਸਾਨੂੰ ਦਿੱਤੇ ਹਨ। ਬੀਤੇ ਇਕ ਸਾਲ ਤੋਂ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਚੱਲ ਰਹੇ ਹਨ। ਪੂਰੀ ਦੁਨੀਆ 'ਚ ਭਾਰਤੀ ਦੂਤਘਰ ਤੇ ਹਾਈ ਕਮਿਸ਼ਨ ਪ੍ਰਗਰੋਮ ਕਰ ਰਹੇ ਹਨ। ਦੇਸ਼-ਵਿਦੇਸ਼ 'ਚ ਇਕ ਸਾਲ ਤੋਂ ਕੀਰਤਨ, ਲੰਗਰ ਆਦਿ ਦੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

ਪੀਐੱਮ ਮੋਦੀ ਨੂੰ ਸਿੱਖਾਂ ਵੱਲੋਂ ਕੌਮੀ ਸੇਵਾ ਐਵਾਰਡ ਭੇਟ ਕੀਤਾ ਗਿਆ

PM ਨਰਿੰਦਰ ਮੋਦੀ ਥੋੜ੍ਹੀ ਦੇਰ 'ਚ ਇੱਥੇ ਕਰਤਾਰਪੁਰ ਕਾਰੀਡੋਰ ਦੇ ਇੰਟੀਗ੍ਰੇਟਿਡ ਚੈੱਕਪੋਸਟ ਦਾ ਉਦਘਾਟਨ ਕਰਨਗੇ। ਸਿੱਖ ਸੰਗਤ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਕਾਰੀਡੋਰ ਦਾ ਆਗਾਜ਼ ਕਰ ਕੇ ਸਿੱਖਾਂ ਨੂੰ ਅਨਮੋਲ ਤੋਹਫ਼ਾ ਦੇਣਗੇ। ਇਸ ਤੋਂ ਬਾਅਦ ਉਹ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਜਦੋਂ ਭਾਰਤ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਕਰਨਗੇ। ਸਮਾਗਮ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਸਿੱਖਾਂ ਵੱਲੋਂ ਕੌਮੀ ਸੇਵਾ ਐਵਾਰਡ ਪ੍ਰਦਾਨ ਕੀਤਾ ਗਿਆ। ਮੋਦੀ ਨੇ ਕੇਂਦਰ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਤਿਆਰ 550 ਰੁਪਏ ਦਾ ਸਿੱਕਾ ਜਾਰੀ ਕੀਤਾ। ਉਨ੍ਹਾਂ ਪੰਜ ਡਾਕ ਟਿਕਟਾਂ ਵੀ ਜਾਰੀ ਕੀਤੀਆਂ। ਇਨ੍ਹਾਂ ਡਾਕ ਟਿਕਟਾਂ 'ਤੇ ਪੰਜ ਗੁਰਦੁਆਰਿਆਂ ਦੀਆਂ ਤਸਵੀਰਾਂ ਹਨ।

ਸਮਾਗਮ ਨੂੰ ਫ਼ਿਲਹਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਬੋਧਨ ਕਰ ਰਹੇ ਹਨ। ਉਨ੍ਹਾਂ ਇਸ ਨੂੰ ਇਤਿਹਾਸਕ ਮੌਕਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਿੱਖਾਂ ਨੂੰ ਅਨਮੋਲ ਤੋਹਫ਼ਾ ਮਿਲਿਆ ਹੈ। ਉਨ੍ਹਾਂ ਕਿਹਾ, 'ਮੇਰੀ ਇੱਛਾ ਸੀ ਕਿ ਕਰਤਾਰਪੁਰ ਜਾਵਾਂ। ਅਸੀਂ ਮੋਦੀ ਜੀ ਦਾ ਸ਼ੁਕਰਾਨਾ ਅਦਾ ਕਰਦੇ ਹਾਂ। ਉਨ੍ਹਾਂ ਸਿੱਖਾਂ ਲਈ ਵੱਡਾ ਕੰਮ ਕੀਤਾ ਹੈ। ਅਸੀਂ ਪਾਕਿਸਤਾਨ ਨਾਲ ਵੈਰ ਨਹੀਂ ਪਿਆਰ ਚਾਹੁੰਦੇ ਹਾਂ। ਇਤਿਹਾਸ ਨੇ ਕੁਝ ਅਜਿਹਾ ਕੀਤਾ ਕਿ ਅੱਜ ਭਾਰਤ ਤੇ ਪਾਕਿਸਤਾਨ 'ਚ ਕੁੜੱਤਣ ਹੈ। ਪਾਕਿਸਤਾ ਨਵੀ ਪਿਆਰ ਨਾਲ ਆਪਣਾ ਵਿਕਾਸ ਕਰੇ।' ਉਨ੍ਹਾਂ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਨਾ ਕਸ਼ਮੀਰ 'ਚ ਉਨ੍ਹਾਂ ਦੀ ਚੱਲੇਗੀ ਤੇ ਨਾ ਹੀ ਪੰਜਾਬ 'ਚ। ਪੰਜਾਬੀਆਂ ਨੇ ਚੂੜੀਆਂ ਨਹੀਂ ਪਾਈਆਂ ਹਨ।

ਸਮਾਗਮ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸੰਬੋਧਨ ਕੀਤਾ। ਬਾਦਲ ਨੇ ਪੀਐੱਮ ਤੇ ਸੀਐੱਮ ਨੂੰ ਕਿਹਾ ਕਿ ਇਸ ਇਤਿਹਾਸਕ ਸਥਾਨ 'ਤੇ ਆਉਣ ਵਾਲੇ ਸਾਰੇ ਰੋਡ ਬਣਵਾਏ ਜਾਣ ਤਾਂ ਜੋ ਇਸ ਨੂੰ ਟੂਰਿਸਟ ਡੈਸਟੀਨੇਸ਼ਨ ਬਣਾਇਆ ਜਾ ਸਕੇ।

ਕਾਰਡੋਰ ਦੇ ਉਦਘਾਟਨ ਤੋਂ ਪਹਿਲਾਂ ਡੇਰਾ ਬਾਬਾ ਨਾਨਕ 'ਚ ਅਰਦਾਸ 'ਚ ਸ਼ਾਮਲ ਹੋਏ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ 'ਚ ਮੁੱਖ ਪੰਡਾਲ 'ਚ ਅਰਦਾਸ 'ਚ ਸ਼ਾਮਲ ਹੋਏ। ਉਨ੍ਹਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸੰਸਦ ਮੈਂਬਰ ਸੰਨੀ ਦਿਓਲ ਸਮੇਤ ਕਈ ਆਗੂ ਵੀ ਮੌਜੂਦ ਹਨ। ਪੀਐੱਮ ਥੋੜ੍ਹੀ ਦੇਰ 'ਚ ਯਾਤਰੀ ਟਰਮੀਨਲ ਤੇ ਚੈੱਕ ਪੋਸਟ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ 670 ਲੋਕਾਂ ਦੇ ਜੱਥੇ ਨੂੰ ਪਾਕਿਸਤਾਨ 'ਚ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਲਈ ਰਵਾਨਾ ਕਰਨਗੇ। ਇਸ ਪਾਰਟੀ 'ਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ, ਵਿਧਾਇਕ ਤੇ ਸੂਬੇ ਦੇ ਮੰਤਰੀ ਸ਼ਾਮਲ ਹਨ।

ਜੱਥੇ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸ਼ਾਮਲ ਹੋਣਗੇ। ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਤੇ ਵਿਧਾਇਕ ਕਾਰੀਡੋਰ ਕੋਲ ਪਹੁੰਚ ਗਏ ਹਨ। ਦੂਸਰੇ ਪਾਸੇ, ਪਹਿਲੇ ਜੱਥੇ 'ਚ ਪਾਕਿਸਤਾਨ ਜਾਣ ਲਈ ਸ਼ਰਧਾਲੂ ਰਸਮੀ ਕਾਰਵਾਈ ਪੂਰੀ ਕਰ ਰਹੇ ਹਨ। ਪਹਿਲੇ ਜੱਥੇ ਦੇ ਰਵਾਨਾ ਹੋਣ ਦੇ ਨਾਲ ਹੀ ਸ਼ਰਧਾਲੂਆਂ ਦਾ ਆਉਣਾ-ਜਾਣਾ ਸ਼ੁਰੂ ਹੋ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਮੱਥਾ ਟੇਕਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਉਨ੍ਹਾਂ ਬਾਬਾ ਜੀ ਦੇ ਜਪ ਅਸਥਾਨ 'ਤੇ ਸੀਸ ਝੁਕਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਲਿਆ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਨਾਨਕ ਨਗਰੀ ਪਹੁੰਚੇ ਪੀਐੱਮ ਮੋਦੀ ਬੇਹੱਦ ਸ਼ਰਧਾ ਤੇ ਆਸਥਾ ਨਾਲ ਲਬਰੇਜ ਦਿਖਾਈ ਦੇ ਰਹੇ ਸਨ। ਕੜੀ ਸੁਰੱਖਿਆ ਤੇ ਸ਼ਾਨਦਾਰ ਸਵਾਗਤ ਦੌਰਾਨ ਚਿਹਰੇ 'ਤੇ ਮੁਸਕਰਾਹਟ ਲਈ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਫਿਰ ਬਾਬਾ ਜੀ ਦੇ ਜਪ ਅਸਥਾਨ ਭੌਰਾ ਸਾਹਿਬ ਜਾ ਕੇ ਅਰਦਾਸ ਕਰ ਕੇ ਅਸ਼ੀਰਵਾਦ ਪ੍ਰਾਪਤ ਕੀਤਾ।

ਇਸ ਉਪਰੰਤ ਉਨ੍ਹਾਂ ਬਾਬਾ ਨਾਨਕ ਦੇ ਹੱਥੋਂ ਲੱਗੇ ਬੇਰੀ ਦੇ ਦਰੱਖ਼ਤ ਨੂੰ ਨਮਸਕਾਰ ਕਰਦਿਆਂ ਸੰਗਤ ਨੂੰ ਹੱਥ ਜੋੜ ਕੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਦੌਰਾਨ ਮੋਦੀ ਨੂੰ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਿਰੋਪਾਓ ਤੇ ਕਿਰਪਾਨ ਭੇਟ ਕਰ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੀ ਮੌਜੂਦ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ 'ਚ ਬਣਾਏ ਗਏ ਕਾਰੀਡੋਰ ਦੇ ਪੈਸੰਜਰ ਟਰਮੀਨਲ ਦਾ ਉਦਘਾਟਨ ਕਰਨਗੇ ਤਾਂ ਇਹ ਤਮਾਮ ਸਿੱਖਾਂ ਤੇ ਨਾਨਕ ਨਾਮ ਲੇਵਾ ਲਈ ਇਤਿਹਾਸਕ ਪਲ਼ ਹੋਵੇਗਾ। ਸ਼ਰਧਾਲੂ ਪਿਛਲੇ 72 ਸਾਲਾਂ ਤੋਂ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਸਨ ਪਰ ਹੁਣ ਉਹ ਕਾਰੀਡੋਰ ਜ਼ਰੀਏ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਨਤਮਸਤਕ ਹੋ ਸਕਣਗੇ।

Posted By: Seema Anand