ਨੀਟਾ ਮਾਹਲ, ਕਾਦੀਆਂ : ਭਾਵੇਂ ਕਿ ਕੋਰੋਨਾ ਦੇ ਚੱਲਦੇ ਸਕੂਲ ਬੰਦ ਹਨ ਪਰ ਸਕੂਲਾਂ 'ਚ ਆਨਲਾਈਨ ਪੜ੍ਹਾਈ ਅਤੇ ਸਕੂਲ ਸੰਵਾਰਨ ਵਿਚ ਅਧਿਆਪਕ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਹਨ। ਰੋਟੇਸ਼ਨ ਦੌਰਾਨ ਸਕੂਲਾਂ ਵਿਚ ਪਹੁੰਚ ਰਹੇ ਅਧਿਆਪਕ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਕੂਲਾਂ ਦੀ ਬਿਹਤਰੀ ਲਈ ਕੋਸ਼ਿਸ਼ਾਂ ਕਰ ਰਹੇ ਹਨ। ਇਸੇ ਲੜੀ ਤਹਿਤ ਨੇੜਲੇ ਪਿੰਡ ਨੱਤ ਮੋਕਲ ਦੇ ਸਰਕਾਰੀ ਮਿਡਲ ਸਕੂਲ 'ਚ ਅਧਿਆਪਕ ਮੁਕੇਸ਼ ਕੁਮਾਰ ਵੱਲੋਂ ਸਕੂਲ ਵਿੱਚ ਫਲਾਂ ਦੇ ਬੂਟੇ ਲਿਆ ਕੇ ਲਾਏ ਜਾ ਰਹੇ ਹਨ, ਤਾਂ ਜੋ ਭਵਿੱਖ 'ਚ ਬੱਚਿਆਂ ਨੂੰ ਰੁੱਖਾਂ ਦੀ ਛਾਂ ਦੇ ਨਾਲ ਨਾਲ ਖਾਣ ਨੂੰ ਫਲ ਵੀ ਮਿਲਣ। ਜਾਣਕਾਰੀ ਦਿੰਦੇ ਹੋਏ ਮੁਕੇਸ਼ ਕੁਮਾਰ ਨੇ ਦੱਸਿਆ ਕਿ ਦੇਸ਼ ਦੇ ਹਰ ਇਕ ਜ਼ਿੰਮੇਵਾਰ ਨਾਗਰਿਕ ਦਾ ਇਹ ਫ਼ਰਜ਼ ਹੈ ਕਿ ਉਹ ਆਪਣੇ ਜੀਵਨ ਵਿਚ ਘੱਟੋ ਘੱਟ ਪੰਜ ਬੂਟੇ ਲਗਾਉਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਸਕੂਲ ਵਿੱਚ ਅੰਬ, ਜਾਮਨੂੰ, ਅਮਰੂਦ ਅਤੇ ਬੇਰ ਦੇ ਨਾਲ ਕਰੀਬ ਪੰਜ ਤਰ੍ਹਾਂ ਦੇ ਫੁੱਲਾਂ ਦੇ ਬੂਟੇ ਲਗਾਏ ਗਏ ਹਨ ਇਸ ਦੇ ਨਾਲ ਹੀ ਕੁਝ ਹੋਰ ਛਾਂਦਾਰ ਰੁੱਖ ਵੀ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਾਤਾਵਰਨ ਦੀ ਸੁਰੱਖਿਆ ਲਈ ਉਨ੍ਹਾਂ ਮਿਡ ਡੇ ਮੀਲ ਕਰਮੀਆਂ ਦੇ ਰਾਹੀਂ ਸਕੂਲੀ ਵਿਦਿਆਰਥੀਆਂ ਨੂੰ ਵੀ ਆਪਣੇ ਪਿੰਡ ਅਤੇ ਸਕੂਲ ਵਿੱਚ ਪੌਦੇ ਲਗਾਉਣ ਲਈ ਕਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਲਖਵਿੰਦਰ ਕੌਰ ਪ੍ਰਰਾਇਮਰੀ ਵਿੰਗ, ਰਾਜਵਿੰਦਰ ਕੌਰ ਮਿਡ-ਡੇ-ਮੀਲ ਵਰਕਰਾਂ 'ਚ ਕਸਮੀਰ ਕੌਰ, ਦਲਜੀਤ ਕੌਰ, ਕੁਲਜੀਤ ਕੌਰ ਆਦਿ ਮੌਜੂਦ ਸਨ।