ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਇਤਿਹਾਸਕ ਕਸਬਾ ਕਲਾਨੌਰ ਦਾ ਪ੍ਰਸਿੱਧ ਦੁਸਹਿਰਾ ਜਿਸ ਨੂੰ ਵੇਖਣ ਲਈ ਸੈਂਕੜੇ ਸਰਹੱਦੀ ਪਿੰਡਾਂ ਦੇ ਲੋਕ ਹਰ ਸਾਲ ਵੇਖਣ ਲਈ ਉਤਾਵਲੇ ਹੁੰਦੇ ਹਨ, ਇਸ ਵਾਰ ਸ਼ਿਵ ਮੰਦਰ ਪਾਰਕ ਕਲਾਨੌਰ ' ਚ ਰਾਵਣ ਦੇ ਪੁਤਲੇ ਲੱਗਣ ਦੇ ਬਾਵਜੂਦ ਸੂਰਜਵੰਸ਼ੀ ਰਾਮ ਨਾਟਕ ਕਲੱਬ ਨੂੰ ਦੁਸਹਿਰਾ ਮਨਾਉਣ ਸਬੰਧੀ ਪਰਮਿਸ਼ਨ ਨਾ ਮਿਲਣ ਦੇ ਵਿਰੋਧ 'ਚ ਪ੍ਰਬੰਧਕਾਂ ਅਤੇ ਰਾਮ ਭਗਤਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਸੂਰਜਵੰਸ਼ੀ ਰਾਮ ਨਾਟਕ ਕਲੱਬ ਦੇ ਅਹੁਦੇਦਾਰ ਤੇ ਰਾਮ ਭਗਤ ਕੁਲਵਿੰਦਰ ਪਾਲ ਲਾਡਾ, ਗੋਪੀ ਬਲਹੋਤਰਾ, ਅਸ਼ੋਕ ਕੁਮਾਰ ਅਸ਼ੋਕਾ, ਵਿਕਾਸ ਜੋਸ਼ੀ , ਨਿੱਤਸ ਜੋਸ਼ੀ , ਗਗਨ ਭਾਲਾ, ਸਵਿੰਦਰ ਸੋਨੀ, ਨਾਰਾਇਣ ਬਡਿਆਲਾ, ਵਿਨੋਦ ਨੋਦੀ, ਗੁਰਬਖਸ਼ ਰਾਏ ਵੋਹਰਾ ਅਲਾਪ ਸਿੰਘ ਰੂਪ ਲਾਲਲਾਲ ਸੁਖਵਿੰਦਰ ਸਿੰਘ ਆਦਿ ਨੇ ਪਕਿਹਾ ਕਿ ਇਤਿਹਾਸਕ ਕਸਬਾ ਕਲਾਨੌਰ ਦੀ ਪ੍ਰਾਚੀਨ ਸ਼ਿਵ ਪਾਰਕ 'ਚ ਕਰੀਬ ਸੌ ਸਾਲ ਤੋਂ ਹਰ ਸਾਲ ਦੁਸਹਿਰਾ ਮਨਾਇਆ ਜਾ ਰਿਹਾ ਹੈ। ਇਸ ਵਾਰ ਵੀ ਦੁਸਹਿਰਾ ਮਨਾਉਣ ਸਬੰਧੀ 28 ਸਤੰਬਰ ਤੋਂ ਰਾਮ ਲੀਲ੍ਹਾ ਖੇਡੀ ਜਾ ਰਹੀ ਸੀ। ਪ੍ਰਸ਼ਾਸਨ ਵੱਲੋਂ ਰਾਮ ਲੀਲ੍ਹਾ ਦੌਰਾਨ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਅੱਜ ਦੁਸਹਿਰਾ ਮਨਾਉਣ ਸਬੰਧੀ ਪ੍ਰਸ਼ਾਸਨ ਵੱਲੋਂ ਪੁਤਲੇ ਫੂਕਣ ਸਬੰਧੀ ਪਰਮਿਸ਼ਨ ਜਾਰੀ ਨਹੀਂ ਕੀਤੀ ਗਈ।

ਸੂਰਜਵੰਸ਼ੀ ਰਾਮ ਨਾਟਕ ਕਲੱਬ ਦੇ ਪ੍ਰਧਾਨ ਅਮਰਜੀਤ ਖੁੱਲਰ ਨੇ ਕਿਹਾ ਕਿ ਕਲੱਬ ਦੇ ਪ੍ਰਬੰਧਕਾਂ ਵੱਲੋਂ ਦੁਸਹਿਰਾ ਮਨਾਉਣ ਸਬੰਧੀ ਪ੍ਰਸ਼ਾਸਨ ਤੋਂ ਪਰਮਿਸ਼ਨ ਲੈਣ ਲਈ ਅਰਜ਼ੀ ਦਿੱਤੀ ਹੋਈ ਹੈ, ਇਸ ਦੇ ਬਾਵਜੂਦ ਉਨ੍ਹਾਂ ਨੂੰ ਮੰਗਲਵਾਰ 10:30 ਵਜੇ ਤਕ ਪਰਮਿਸ਼ਨ ਪ੍ਰਾਪਤ ਨਹੀਂ ਹੋਈ। ਰਾਮ ਭਗਤਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਤਿਉਹਾਰ ਦੁਸਹਿਰਾ ਮਨਾਉਣ ਸਬੰਧੀ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਨਾ ਦਿੱਤੇ ਜਾਣ ਕਾਰਨ ਰਾਮ ਭਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Posted By: Seema Anand