ਕੁਲਦੀਪ ਜਾਫਲਪੁਰ, ਕਾਹਨੂੰਵਾਨ : ਪੰਜਾਬ ਵਿਚ ਹਮੇਸ਼ਾ ਤੋਂ ਹੀ ਪੰਥਕ ਪਾਰਟੀ ਅਤੇ ਪੰਜਾਬੀਆਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਚਡ਼੍ਹਦੀ ਕਲਾ ਰਹੀ ਹੈ। ਭਾਵੇਂ ਕਿ ਪਿਛਲੇ ਸਮੇਂ ਵਿੱਚ ਵਿਰੋਧੀ ਧਿਰਾਂ ਦੀਆਂ ਵੱਡੀਆਂ ਸਾਜ਼ਿਸ਼ਾਂ ਅਤੇ ਝੂਠ ਕਾਰਨ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਵਕਤ ਆਉਣ ਨਾਲ ਇਕ ਵਾਰ ਫਿਰ ਤੋਂ ਇਹ ਸਾਫ ਹੋ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਸੁਹਿਰਦ ਪਾਰਟੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਹਾਇਕ ਅਬਜ਼ਰਵਰ, ਦਲਿਤ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਮੁੱਖ ਬੁਲਾਰੇ ਅਤੇ ਸਾਬਕਾ ਵਿਧਾਇਕ ਇੰਦਰਇਕਬਾਲ ਸਿੰਘ ਅਟਵਾਲ ਨੇ ਸਰਪੰਚ ਜਗਤਾਰ ਸਿੰਘ ਦੇ ਗ੍ਰਹਿ ਵਿਖੇ ਕੀਤਾ।

ਇੰਦਰਇਕਬਾਲ ਨੇ ਦੱਸਿਆ ਕਿ ਮਾਝੇ ਦੀ ਧਰਤੀ ਤੋਂ ਹੀ ਸ਼੍ਰੋਮਣੀ ਅਕਾਲੀ ਅਕਾਲੀ ਦਲ ਦਾ ਜਨਮ ਹੋਇਆ ਸੀ ਅਤੇ ਇਸ ਧਰਤੀ ’ਤੇ ਹੀ ਹਮੇਸ਼ਾ ਪਾਰਟੀ ਨੂੰ ਰਾਜ ਭਾਗ ਅਤੇ ਲੋਕਾਂ ਦੀ ਸੇਵਾ ਲਈ ਹੱਲਾਸ਼ੇਰੀ ਦਿੱਤੀ ਹੈ। ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋਡ਼ ਮਾਝੇ ਦੀ ਧਰਤੀ ਤੋਂ ਬਿਕਰਮ ਸਿੰਘ ਮਜੀਠੀਆ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਦੀ ਹੱਲਾਸ਼ੇਰੀ ਨਾਲ ਜਿੱਤ ਦਾ ਵੱਡਾ ਆਗਾਜ਼ ਕਰੇਗਾ। ਪਾਰਟੀ ਵੱਲੋਂ ਉਨ੍ਹਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਮੁੱਚੀ ਸਿਆਸੀ ਘਟਨਾਕ੍ਰਮ ਦੀ ਨਿਗਰਾਨੀ ਦੀ ਸੇਵਾ ਦਿੱਤੀ ਹੋਈ ਹੈ ਜਿਸ ਨੂੰ ਉਹ ਪਾਰਟੀ ਦੇ ਹੁਕਮਾਂ ਵਿੱਚ ਰਹਿ ਕੇ ਨਿਭਾਅ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਭਾਵੇਂ ਕਾਂਗਰਸ ਪਾਰਟੀ ਵੱਲੋਂ ਆਪਣੀਆਂ ਨਾਕਾਮੀਆਂ ਨੂੰ ਕਈ ਤਰ੍ਹਾਂ ਦੇ ਸਿਆਸੀ ਘਟਨਾਕ੍ਰਮ ਵਿਚ ਲੁਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਇਤਿਹਾਸ ਗਵਾਹ ਹੈ ਕਿ ਕਾਂਗਰਸ ਹਮੇਸ਼ਾ ਹੀ ਲੋਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿਚ ਅਸਫਲ ਹੋਈ ਹੈ। ਕਾਂਗਰਸ ਪਾਰਟੀ ਵਿੱਚ ਚੋਣਾਂ ਨੇਡ਼ੇ ਘਬਰਾਹਟ ’ਚ ਫੇਰਬਦਲ ਕਰਨਾ ਉਨ੍ਹਾਂ ਦਾ ਪੁਰਾਣਾ ਰਿਵਾਜ਼ ਹੈ। ਸਿੱਧੂ ਆ ਜਾਵੇ ਜਾਂ ਕੋਈ ਹੋਰ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੰਜਾਬੀਆਂ ਨੂੰ ਦਿੱਤੇ ਧੋਖੇ ਅਤੇ ਗੁੰਮਰਾਹ ਕਰਨ ਦੀ ਰਾਜਨੀਤੀ ਦੇ ਚੱਲਦਿਆਂ ਪੰਜਾਬੀ ਇਸ ਵਾਰ ਕਾਂਗਰਸ ਨੂੰ ਮੂੰਹ ਨਹੀਂ ਲਾਉਣਗੇ। ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਇੱਕਮੁੱਠ ਹੈ ਅਤੇ ਹਰੇਕ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦਰਜਾ ਬ ਦਰਜਾ ਆਗੂ 2022 ਦੀਆਂ ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਦਿਨ ਰਾਤ ਇੱਕ ਕਰਦੇ ਹੋਏ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਕਰਵਾ ਰਹੇ ਹਨ।

Posted By: Tejinder Thind