ਰਿੰਕੂ ਰਾਜਾ, ਬਟਾਲਾ

ਤੇਲਗੂ ਭਾਸ਼ਾ ਵਿਚ ਆ ਰਹੀ ਫਿਲਮ ਜਿਸਦਾ ਨਾਮ 'ਰਿਸੀ' ਰੱਖਿਆ ਗਿਆ ਹੈ, ਜਿਸਦੇ ਪ੍ੋਡਿਊਸਰ ਗੋਪੀ ਨਾਥ ਅਤੇ ਡਾਇਰੈਕਟਰ ਹਰੀ ਸ਼ੰਕਰ ਹਨ ਉਨ੍ਹਾਂ ਖ਼ਿਲਾਫ਼ ਰਾਜ ਅਤੇ ਕੇਂਦਰ ਸਰਕਾਰ ਬਣਦੀ ਕਾਰਵਾਈ ਕਰੇ। ਇਹ ਮੰਗ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਲਮੀਕਿ ਮੱਜਬੀ ਸਿੱਖ ਮੋਰਚਾ ਦੇ ਸੀਨੀਅਰ ਸਕੱਤਰ ਪੰਜਾਬ ਸਤਨਾਮ ਸਿੰਘ ਉਮਰਪੁਰਾ ਨੇ ਕੀਤੀ। ਉਨ੍ਹਾਂ ਕਿਹਾ ਕਿ ਇਹ ਤੇਲਗੂ ਫਿਲਮ ਜਿਸਦਾ ਨਾਮ ਵਾਲਮੀਕਿ ਸਵਾਮੀ ਜੀ ਦੇ ਨਾਮ ਤੇ ਹੈ ਇਕ ਗੈਂਗਸਟਰ ਦੀ ਕਹਾਣੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਭਗਤਾਂ ਅਤੇ ਗੁਰੂਆਂ ਨੂੰ ਰਿਸ਼ੀ ਦਾ ਦਰਜਾ ਦਿੱਤਾ ਜਾਂਦਾ ਹੈ, ਇਸ ਕਰਕੇ ਇਹ ਉਨ੍ਹਾਂ ਸਭਨਾਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਉਨ੍ਹਾਂ ਵਿਚ ਇਸ ਫਿਲਮ ਪ੍ਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਫਿਲਮਕਾਰ ਜਾਣਬੁੱਝ ਕੇ ਸਸਤੀ ਮਸ਼ਹੂਰੀ ਖਾਤਰ ਇਹੋ ਜਿਹੇ ਹੱਥਕੰਡੇ ਵਰਤਦੇ ਹਨ। ਉਨ੍ਹਾਂ ਦੱਸਿਆ ਕਿ ਪੂਰੇ ਭਾਰਤ ਵਿਚ ਦਲਿਤ ਸਮਾਜ ਵੱਲੋਂ ਇਸ ਫਿਲਮ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਰਾਜ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਫਿਲਮ ਦਾ ਨਾਮ ਬਦਲਿਆ ਜਾਵੇ ਤਾਂ ਜੋ ਦੇਸ਼ ਵਿਚ ਅਮਨ-ਸ਼ਾਂਤੀ ਬਣੀ ਰਹੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਉਹ ਇਸ ਖ਼ਿਲਾਫ਼ ਸੰਘਰਸ਼ ਕਰਨਗੇ। ਇਸ ਮੌਕੇ ਜਥੇ. ਅਵਤਾਰ ਸਿੰਘ, ਬਾਬਾ ਦਲਬੀਰ ਸਿੰਘ, ਬਾਬਾ ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਵੈਰੋਨੰਗਲ ਆਦਿ ਹਾਜ਼ਰ ਸਨ।