ਗੁਰਪ੍ਰੀਤ ਸਿੰਘ, ਕਾਦੀਆਂ

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪਲ ਉੱਜਵਲ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੇ ਦਿਸ਼ਾ-ਨਿਰਦੇਸ਼ਾਂ ਤੇ ਚੱਲਦਿਆਂ ਐੱਸਐੱਮਓ ਕਾਦੀਆਂ ਨਿਰੰਕਾਰ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਕਾਦੀਆਂ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਸ਼ਹਿਰ ਵਾਸੀਆਂ ਨੂੰ ਸਵਾਈਨ ਫਲੂ ਤੋਂ ਹੋਣ ਵਾਲੇ ਮਾੜੇ ਪ੍ਭਾਵਾਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸਬੰਧੀ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਵੱਲੋਂ ਸ਼ਹਿਰ ਵਾਸੀਆਂ ਨੂੰ ਕਿਹਾ ਗਿਆ ਕਿ ਖਾਂਸੀ ਕਰਨ ਵੇਲੇ ਆਪਣੇ ਮੂੰਹ ਅਤੇ ਨੱਕ ਤੇ ਰੁਮਾਲ ਰੱਖ ਕੇ ਖਾਂਸੀ ਕਰਨ, ਆਪਣੇ ਨੱਕ ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾਂ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ ਕਰੋ ਤੇ ਬਹੁਤ ਸਾਰਾ ਪਾਣੀ ਪੀਓ, ਪੌਸ਼ਟਿਕ ਭੋਜਨ ਖਾਓ, ਪੂਰੀ ਨੀਂਦ ਲਓ, ਸ਼ਰੀਰਕ ਤੌਰ ਤੇ ਚੁਸਤ ਰਹੋ ਅਤੇ ਤਣਾਅ ਨਾਲ ਪ੍ਭਾਵਸਾਲੀ ਢੰਗ ਨਾਲ ਨਿਪਟੋ ਅਤੇ ਕਦੇ ਭੀੜ ਭੜੱਕੇ ਵਾਲੀ ਥਾਵਾਂ ਤੇ ਜ਼ਿਆਦਾ ਨਾ ਜਾਓ। ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ, ਸੱਤਪਾਲ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ ਆਦਿ ਹਾਜ਼ਰ ਸਨ।