ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਮਿਰਗੀ ਦੇ ਮਰੀਜ਼ਾਂ ਨੂੰ ਮਿਲਣ ਵਾਲੀ ਮੁਫਤ ਦਵਾਈ ਇਸ ਸਮੇਂ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਰਗੀ ਦੇ ਮਰੀਜ਼ ਪ੍ਰਸ਼ੋਤਮ ਸਿੰਘ ਵਾਸੀ ਕੋਟ ਮੀਆਂ ਸਾਹਿਬ ਨੇ ਹੋਰ ਮਰੀਜ਼ ਦੇ ਪਰਿਵਾਰਾਂ ਸਮੇਤ ਦੱਸਿਆ ਕਿ ਉਹ ਕਮਿਊਨਟੀ ਸਿਹਤ ਕੇਂਦਰ ਕਲਾਨੌਰ ਤੋਂ ਪਿਛਲੇ ਸਮੇਂ ਤੋਂ ਮਿਰਗੀ ਦੇ ਰੋਗ ਦੀ ਮੁਫਤ ਦਵਾਈ ਪ੍ਰਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮਹੀਨੇ ਦੀ ਮੁਫ਼ਤ ਦਵਾਈ ਮੁਹੱਈਆ ਹੁੰਦੀ ਆ ਰਹੀ ਸੀ ਤੇ ਉਹ ਮਿਰਗੀ ਦੇ ਦੌਰੇ ਤੋਂ ਬਚਣ ਲਈ ਸਵੇਰੇ ਦੁਪਹਿਰ ਤੇ ਰਾਤ ਨੂੰ ਇਕ-ਇਕ ਗੋਲੀ ਖਾ ਰਹੇ ਹਨ ਅਤੇ ਇਕ ਦਿਨ 'ਚ ਤਿੰਨ ਗੋਲੀਆਂ ਖਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਹਸਪਤਾਲ ਵਿਚ ਮਿਰਗੀ ਦੇ ਰੋਗ ਦੀ ਦਵਾਈ ਨਾ ਮਿਲਣ ਕਾਰਨ ਉਸ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਹਸਪਤਾਲ 'ਚੋਂ ਜਿੱਥੇ ਉਨ੍ਹਾਂ ਨੂੰ ਮੁਫਤ ਦਵਾਈ ਪ੍ਰਰਾਪਤ ਹੁੰਦੀ ਹੈ, ਉੱਥੇ ਪ੍ਰਰਾਈਵੇਟ ਤੌਰ 'ਤੇ ਮੈਡੀਕਲ ਸਟੋਰਾਂ ਤੋਂ ਇਹ ਮਿਰਗੀ ਦੀ ਦਵਾਈ ਮੁੱਲ ਵੀ ਨਹੀਂ ਮਿਲ ਰਹੀ, ਜਿਸ ਕਾਰਨ ਮਿਰਗੀ ਦੇ ਮਰੀਜ਼ਾਂ ਨੂੰ ਦਵਾਈ ਨਾ ਮਿਲਣ ਕਾਰਨ ਮਿਰਗੀ ਦੇ ਦੌਰੇ ਪੈ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਉਨ੍ਹਾਂ ਸਿਹਤ ਮੰਤਰੀ ਪੰਜਾਬ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਲਾਨੌਰ ਹਸਪਤਾਲ ਜੋ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਮਿਰਗੀ ਦੀ ਦਵਾਈ ਤੁਰੰਤ ਭੇਜੀ ਜਾਵੇ ਤਾਂ ਜੋ ਮਿਰਗੀ ਦੇ ਮਰੀਜ਼ਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਕਮਿਊਨਟੀ ਸਿਹਤ ਕੇਂਦਰ ਕਲਾਨੌਰ ਦੇ ਐੱਸਐੱਮਓ ਡਾ. ਲਖਵਿੰਦਰ ਸਿੰਘ ਅਠਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਿਰਗੀ ਦੀ ਦਵਾਈ ਮਰੀਜ਼ਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਸੀ, ਜਦੋਂਕਿ ਕਲਾਨੌਰ ਹਸਪਤਾਲ ਅਧੀਨ ਦੂਰ ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਦਵਾਈ ਦੀ ਸਪਲਾਈ ਖ਼ਤਮ ਹੋਈ ਹੈ, ਜਿਸ ਸਬੰਧੀ ਡਿਮਾਂਡ ਸਿਹਤ ਵਿਭਾਗ ਨੂੰ ਭੇਜੀ ਗਈ ਹੈ ਅਤੇ ਜਲਦ ਮਰੀਜ਼ਾਂ ਨੂੰ ਦਵਾਈ ਮੁਹੱਈਆ ਕਰਵਾਈ ਜਾਵੇਗੀ।