ਆਕਾਸ਼, ਗੁਰਦਾਸਪੁਰ : ਸੋਮਵਾਰ ਦੇਰ ਰਾਤ ਸਰਹੱਦ ਨੇੜੇ ਰਾਵੀ ਦਰਿਆ ਮਕੌੜਾ ਪੱਤਣ 'ਤੇ ਬਣਿਆ ਪੈਂਟੂਨ ਪੁਲ਼ ਦਾ ਰੈਂਪ ਪਾਣੀ ਦੇ ਤੇਜ਼ ਵਹਾਅ ਕਾਰਨ ਮੁੜ ਰੁੜ ਗਿਆ। ਇਸਦੇ ਨਾਲ ਹੀ ਦਰਿਆ ਪਾਰ ਵਸੇ 8 ਪਿੰਡਾਂ ਦਾ ਸੰਪਰਕ ਵੀ ਦੇਸ਼ ਦੇ ਬਾਕੀ ਹਿੱਸੇ ਨਾਲੋਂ ਟੁੱਟ ਗਿਆ।

ਜ਼ਿਕਰਯੋਗ ਹੈ ਕਿ ਉਕਤ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਜ਼ੀ ਪੁਲ਼ ਬਣਾਇਆ ਜਾਂਦਾ ਹੈ ਜੋ ਬਰਸਾਤੀ ਮੌਸਮ ਜਾਂ ਦਰਿਆ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਅਕਸਰ ਰੁੜ ਜਾਂਦਾ ਹੈ। ਇਸਦੇ ਨਾਲ ਦਰਿਆ ਪਾਰ ਵਸੇ ਪਿੰਡਾਂ ਦਾ ਸਮੂਹ ਇਕ ਟਾਪੂ ਵਾਂਗ ਬਣ ਜਾਂਦਾ ਹੈ। ਹਜ਼ਾਰਾਂ ਲੋਕਾਂ ਦੀਆਂ ਮੁਸ਼ਕਲਾਂ ਵਧ ਜਾਂਦੀਆਂ ਹਨ।

ਦਰਿਆ ਪਾਰ ਵਸੇ ਪਿੰਡਾਂ 'ਚ ਤੂਰ, ਚੇਬੇ, ਲਸਿਆਣ, ਮੰਮੀ ਚੱਕ ਰੰਗਾ, ਭਰਿਆਲ, ਕੱਜਲੇ ਆਦਿ ਦੇ ਲੋਕ ਪਿਛਲੇ ਕਈ ਦਹਾਕਿਆਂ ਤੋਂ ਪੱਕੇ ਪੁਲ਼ ਦੀ ਮੰਗ ਕਰਦੇ ਆ ਰਹੇ ਹਨ ਪਰ ਵੱਖ-ਵੱਖ ਸਰਕਾਰਾਂ ਦੇ ਨੁਮਾਇੰਦਿਆਂ, ਵਿਧਾਇਕਾਂ ਤੇ ਸਾਂਸਦਾ ਦੇ ਭਰੋਸੇ ਦੇ ਬਾਵਜੂਦ ਪੱਕਾ ਪੁਲ਼ ਅਜੇ ਵੀ ਬਣਦਾ ਨਜ਼ਰ ਨਹੀਂ ਆ ਰਿਹਾ।

ਦਰਿਆ ਪਾਰ ਵਸੇ ਲੋਕਾਂ ਸਰਬਜੀਤ, ਅਮਰੀਕ, ਸੁਖਵਿੰਦਰ, ਜੋਗਿੰਦਰ ਸਿੰਘ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹਰ ਵਾਰ ਚੋਣਾਂ ਸਮੇਂ ਲੀਡਰ ਵੋਟਾਂ ਮੰਗਣ ਆਉਂਦੇ ਹਨ ਤੇ ਪੱਕੇ ਪੁਲ਼ ਦਾ ਵਾਅਦਾ ਕਰਕੇ ਜਾਂਦੇ ਹਨ। ਜਿੱਤਣ ਪਿੱਛੋਂ ਕੋਈ ਵਾਪਸ ਨਹੀਂ ਆਉਂਦਾ।