ਮਹਿੰਦਰ ਸਿੰਘ ਅਰਲੀਭੰਨ , ਡੇਰਾ ਬਾਬਾ ਨਾਨਕ , ਕਲਾਨੌਰ : ਵੀਰਵਾਰ ਦੇਰ ਰਾਤ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 10 ਬਟਾਲੀਅਨ ਦੀ ਬੀਓਪੀ ਸਹਾਰਨਪੁਰ ਦੇ ਜਵਾਨਾਂ ਵੱਲੋਂ ਸਰਹੱਦ 'ਤੇ ਉੱਡਦੇ ਪਾਕਿਸਤਾਨੀ ਡਰੋਨ ਤੇ ਫਾਇਰਿੰਗ ਕੀਤੀ ਗਈ। ਇੱਥੇ ਦੱਸਣਯੋਗ ਹੈ ਕਿ ਰੈਡ ਅਲਰਟ ਹੋਣ ਕਾਰਨ ਬੀਐੱਸਐੱਫ ਦੇ ਜਵਾਨ ਭਾਰਤੀ ਸਰਹੱਦ 'ਤੇ ਪੂਰੀ ਤਰ੍ਹਾਂ ਚੌਕਸ ਹਨ ਜਿਸ ਦੀ ਮਿਸਾਲ ਵਜੋਂ ਵੀਰਵਾਰ ਰਾਤ ਨੌਂ ਵਜੇ ਦੇ ਕਰੀਬ 10 ਬਟਾਲੀਅਨ ਦੀ ਬੀ ਓ ਪੀ ਸਹਾਰਨਪੁਰ ਦੇ ਮੁਸਤੈਦ ਜਵਾਨਾਂ ਵੱਲੋਂ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਪਾਕਿਸਤਾਨੀ ਡਰੋਨ ਨੂੰ ਉੱਡਦਾ ਵੇਖਿਆ ਗਿਆ ਜਿੱਥੇ ਤਰੁੰਤ ਬੀਐੱਸਐੱਫ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨ ਤੇ ਤਿੰਨ ਦੇ ਕਰੀਬ ਫਾਇਰ ਕੀਤੇ ਗਏ। ਇਸ ਸੰਬੰਧੀ ਜਦੋਂ ਬੀਐੱਸਐੱਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਵਾਨਾਂ ਵੱਲੋਂ ਸਰਹੱਦ 'ਤੇ ਉੱਡਦੇ ਵੇਖੇ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ ਕੀਤੀ ਗਈ ਹੈ ਅਤੇ ਇਸ ਖੇਤਰ ਵਿੱਚ ਬੀਐੱਸਐੱਫ ਵੱਲੋਂ ਨਾਕੇਬੰਦੀ ਕਰਕੇ ਸਰਚ ਅਭਿਆਨ ਕੀਤਾ ਜਾ ਰਿਹਾ ਹੈ। ਡੀਆਈਜੀ ਜੋਸ਼ੀ ਨੇ ਕਿਹਾ ਕਿ ਬੀਐੱਸਐੱਫ ਦੇ ਜਵਾਨ ਸਰਹੱਦ 'ਤੇ ਪੂਰੀ ਤਰ੍ਹਾਂ ਚੌਕਸ ਹਨ ਅਤੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਫੇਲ੍ਹ ਕਰਨ ਲਈ ਵਚਨਬੱਧ ਹਨ।

Posted By: Jagjit Singh