ਜੇਐੱਨਐੱਨ, ਬਮਿਆਲ (ਪਠਾਨਕੋਟ) : ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਬਮਿਆਲ ਸੈਕਟਰ 'ਚ ਬੁੱਧਵਾਰ ਦੇਰ ਰਾਤ ਨੂੰ ਬੀਐੱਸਐੱਫ ਨੇ ਫਾਇਰਿੰਗ ਕਰ ਕੇ ਪਾਕਿਸਤਾਨ ਵੱਲੋਂ ਆਏ ਲਾਈਟ ਲੱਗੇ ਤਿੰਨ ਗੁਬਾਰੇ ਸੁੱਟ ਦਿੱਤੇ।

ਪਾਕਿਸਤਾਨ ਵੱਲੋਂ ਰਾਤ ਲਗਪਗ ਦਸ ਵਜੇ ਆਸਮਾਨ 'ਚ ਤਿੰਨ ਚਮਕਦੀਆਂ ਚੀਜਾਂ ਬੀਐੱਸਐੱਫ ਦੀ ਟਿੰਡਾ ਫਾਰਵਰਡ ਪੋਸਟ ਵਾਲੇ ਪਾਸੇ ਆਉਂਦੀਆਂ ਵਿਖੀਆਂ। ਬੀਐੱਸਐੱਫ ਜਵਾਨਾਂ ਨੇ ਫਾਇਰਿੰਗ ਕਰ ਕੇ ਉਨ੍ਹਾਂ ਨੂੰ ਸੁੱਟ ਦਿੱਤਾ। ਜਵਾਨਾਂ ਨੂੰ ਸ਼ੱਕ ਹੋਇਆ ਕਿ ਸਰਹੱਦ ਪਾਰੋਂ ਹਨ੍ਹੇਰੇ 'ਚ ਡਰੋਨ ਉਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਫਾਇਰਿੰਗ ਤੋਂ ਬਾਅਦ ਛਾਣਬੀਣ 'ਚ ਪਾਇਆ ਗਿਆ ਕਿ ਕਿਸੇ ਨੇ ਸਰਹੱਦ ਪਾਰੋਂ ਲਾਈਟ ਲੱਗੇ ਗੁਬਾਰੇ ਉਡਾਏ ਹਨ। ਇਕ ਮਹੀਨੇ 'ਚ ਇਹ ਤੀਜੀ ਘਟਨਾ ਹੈ ਜਦੋਂ ਪਾਕਿਸਤਾਨ ਤੋਂ ਗੁਬਾਰੇ ਭਾਰਤੀ ਸਰਹੱਦ 'ਚ ਭੇਜੇ ਗਏ ਹਨ। ਸੁਰੱਖਿਆ ਏਜੰਸੀਆਂ ਇਨ੍ਹਾਂ ਲਾਈਟ ਲੱਗੇ ਗੁਬਾਰਿਆਂ ਤੇ ਵਾਰ-ਵਾਰ ਭੇਜੇ ਜਾ ਰਹੇ ਗੁਬਾਰਿਆਂ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਬੀਐੱਸਐੱਫ ਤੇ ਸਥਾਨ ਪੁਲਿਸ ਨੇ ਵੀਰਵਾਰ ਸਵੇਰੇ ਟਿੰਡਾ ਪੋਸਟ ਨਾਲ ਸਰਹੱਦ ਨਾਲ ਲੱਗੇ ਪਿੰਡਾਂ 'ਚ ਸਰਚ ਆਪਰੇਸ਼ਨ ਵੀ ਚਲਾਇਆ। ਐੱਸਪੀ ਆਪਰੇਸ਼ਨ ਹੇਮਪੁਸ਼ਪ ਸ਼ਰਮਾ ਦਾ ਕਹਿਣਾ ਹੈ ਕਿ ਚਾਰ ਘੰਟੇ ਦੀ ਸਰਚ 'ਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ।

ਸੰਵੇਦਨਸ਼ੀਲ ਹੈ ਬਮਿਆਲ ਸੈਕਟਰ

ਪਾਕਿਸਤਾਨ ਨਾਲ ਪਠਾਨਕੋਟ ਜ਼ਿਲ੍ਹੇ ਦੀ ਅੰਤਰਰਾਸ਼ਟਰੀ ਸਰਹੱਦ ਦਾ ਵੱਡਾ ਹਿੱਸਾ ਜੁੜਿਆ ਹੈ। ਬਮਿਆਲ ਸੈਕਟਰ ਅੱਤਵਾਦੀ ਘੁਸਪੈਠ ਤੇ ਹਥਿਆਰਾਂ ਦੀ ਤਸਕਰੀ ਲਈ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ 'ਚ ਦੀਨਾਨਗਰ ਤੇ ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲੇ ਹੋ ਚੁੱਕੇ ਹਨ। ਅੰਮਿ੍ਤਸਰ ਤੇ ਗੁਰਦਾਸਪੁਰ 'ਚ ਡਰੋਨ ਰਾਹੀਂ ਹਥਿਆਰ ਭੇਜਣ ਦੀਆਂ ਘਟਨਾਵਾਂ ਤੋਂ ਬਾਅਦ ਬੀਐੱਸਐੱਫ ਨੇ ਬਮਿਆਲ ਸੈਕਟਰ 'ਚ ਵੀ ਸੁਰੱਖਿਆ ਪ੍ਰਬੰਧ ਸਕਤ ਕਰ ਦਿੱਤੇ ਹਨ।