ਜੋਰਾਵਰ ਭਾਟੀਆ, ਨਰੋਟ ਜੈਮਲ ਸਿੰਘ : ਸੁਰੱਖਿਆ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਸਰਹੱਦੀ ਖੇਤਰ ਬਮਿਆਲ ਵਿਖੇ ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਰਿਹਾ ਹੈ। ਉਥੇ ਹੀ ਸ਼ਨਿਚਰਵਾਰ ਨੂੰ ਖੇਤਰ ਬਮਿਆਲ ਨਾਲ ਲਗਦੀ ਭਾਰਤ-ਪਾਕਿ ਸਰਹੱਦ 'ਤੇ ਸਥਿਤ ਪਿੰਡ ਖੋਜਕੀਚੱਕ ਵਿਖੇ ਇਕ ਪਾਕਿਸਤਾਨੀ ਕਬੂਤਰ ਮਿਲਣ ਦੀ ਸੂਚਨਾ ਮਿਲੀ ਹੈ।

ਜਾਣਕਾਰੀ ਅਨੁਸਾਰ ਉਕਤ ਪਾਕਿਸਤਾਨੀ ਰੰਗਦਾਰ ਕਬੂਤਰ ਸਰਹੱਦੀ ਪਿੰਡ ਖੋਜਕੀਚੱਕ ਵਿਖੇ ਸਥਿਤ ਇਕ ਮਕਾਨ ਦੀ ਛੱਤ 'ਤੇ ਉੱਡ ਰਿਹਾ ਸੀ ਜਿਸ ਨੂੰ ਉਕਤ ਮਕਾਨ 'ਚ ਰਹਿ ਰਹੇ ਇਕ ਪਰਿਵਾਰਕ ਮੈਂਬਰ ਵੱਲੋਂ ਦੇਖਿਆ ਗਿਆ। ਜਿਸਦੀ ਸੂਚਨਾ ਮਕਾਨ ਮਾਲਕ ਵੱਲੋਂ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਉਕਤ ਕਬੂਤਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਗਿਆ। ਜਿਸ ਦੇ ਖੰਭਾਂ 'ਤੇ ਉਰਦੂ ਭਾਸ਼ਾ 'ਚ ਕਿਸੇ (ਸਿਆਲਕੋਟ ਬਚਪਨ ਜਿਮੀ ਫਲਾਇੰਗ ਗਰੁੱਪ) ਦਾ ਨਾਂ ਲਿਖਿਆ ਹੋਇਆ ਸੀ।

ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਪਾਕਿਸਤਾਨੀ ਸਰਹੱਦ ਵੱਲੋਂ ਰੋਸ਼ਨੀ ਵਾਲੇ ਗ਼ੁਬਾਰੇ ਉੱਡ ਕੇ ਭਾਰਤੀ ਸਰਹੱਦ ਅੰਦਰ ਆਉਣ ਦਾ ਇਕ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਬੀਐੱਸਐੱਫ ਵੱਲੋਂ ਗੋਲ਼ੀਬਾਰੀ ਕਰ ਕੇ ਹੇਠਾਂ ਸੁੱਟ ਲਿਆ ਗਿਆ ਸੀ। ਹਾਲਾਂਕਿ ਸੁਰੱਖਿਆ ਏਜੰਸੀਆਂ ਉਕਤ ਮਾਮਲੇ ਦੀ ਜਾਂਚ ਵਿਚ ਜੁਟੀਆਂ ਹੋਈਆਂ ਹਨ, ਪਰ ਸਿਰਫ਼ 2 ਦਿਨਾਂ ਬਾਅਦ ਹੀ ਸ਼ਨਿਚਰਵਾਰ ਨੂੰ ਸਰਹੱਦ ਤੋਂ ਪਾਰ ਪਾਕਿਸਤਾਨੀ ਕਬੂਤਰ ਦੇ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਦੀ ਸੁਰੱਖਿਆ ਏਜੰਸੀਆਂ ਵੱਲੋਂ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਮਿਆਲ ਪੁਲਿਸ ਚੌਕੀ ਇੰਚਾਰਜ ਅਰੁਣ ਕੁਮਾਰ ਨੇ ਦੱਸਿਆ ਕਿ ਪਿੰਡ ਖੋਜਕੀਚੱਕ ਦੇ ਇਕ ਵਿਅਕਤੀ ਵੱਲੋਂ ਉਨ੍ਹਾਂ ਨਾਲ ਇਸ ਮਾਮਲੇ ਸਬੰਧੀ ਸੰਪਰਕ ਕੀਤਾ ਗਿਆ ਸੀ। ਜਿਸ ਤੋਂ ਬਾਅਦ ਆਪਣੀ ਪੁਲਿਸ ਟੀਮ ਨਾਲ ਤੁਰੰਤ ਮੌਕੇ 'ਤੇ ਪਹੁੰਚ ਕੇ ਉਕਤ ਪਾਕਿਸਤਾਨੀ ਕਬੂਤਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਆਗਾਮੀ ਕਾਰਵਾਈ ਲਈ ਇਸਦੀ ਮੈਡੀਕਲ ਜਾਂਚ ਕਰਵਾ ਕੇ ਛਾਣਬੀਨ ਕੀਤੀ ਜਾਵੇਗੀ।