ਜੇਐੱਨਐੱਨ, ਡੇਰਾ ਬਾਬਾ ਨਾਨਕ : ਡੇਰਾ ਬਾਬਾ ਨਾਨਕ ਸਥਿਤ ਭਾਰਤ-ਪਾਕਿ ਕੌਮੀ ਸਰਹੱਦ (Indo Pak Border) 'ਤੇ ਇਕ ਵਾਰ ਫਿਰ ਡਰੋਨ ਦੇਖਿਆ ਗਿਆ। ਸਰਹੱਦ 'ਤੇ ਤਾਇਨਾਤ BSF ਦੇ ਸੈਕਟਰ ਗੁਰਦਾਸਪੁਰ ਦੀ 89 ਬਟਾਲੀਅਨ ਦੀ ਬੀਓਪੀ ਮੇਤਲਾ ਦੇ ਬੀਐੱਸਐੱਫ ਜਵਾਨਾਂ ਨੇ ਭਾਰਤ 'ਚ ਦਾਖ਼ਲ ਹੋ ਰਹੇ ਡਰੋਨ ਨੂੰ ਦੇਖਿਆ ਤਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਡਰੋਨ ਪਾਕਿ ਵੱਲ ਵਾਪਸ ਚਲਾ ਗਿਆ। ਓਧਰ, ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਬੀਐੱਸਐੱਫ ਦੇ ਆਈਜੀ ਮਹਿਪਾਲ ਯਾਦਵ ਤੇ ਡੀਆਈਜੀ ਰਾਜੇਸ਼ ਸ਼ਰਮਾ ਸਰਹੱਦ 'ਤੇ ਪਹੁੰਚੇ ਅਤੇ ਸਰਚ ਅਭਿਆਨ ਚਲਾਇਆ ਗਿਆ।

ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਨੂੰ ਪੌਣੇ 6 ਵਜੇ ਦੇ ਕਰੀਬ ਬੀਐੱਸਐੱਫ ਦੀ 89 ਬਟਾਲੀਅਨ ਦੀ ਬੀਓਪੀ ਮੇਤਲਾ 'ਤੇ ਤਾਇਨਾਤ ਬੀਐੱਸਐੱਫ ਜਵਾਨਾਂ ਵੱਲੋਂ ਪਾਕਿ ਵੱਲੋਂ ਆਉਂਦਾ ਡਰੋਨ ਦੇਖਿਆ ਗਿਆ। ਭਾਰਤ ਵੱਲ ਡਰੋਨ ਆਉਂਦਾ ਦੇਖ ਬੀਐੱਸਐੱਫ ਦੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਕਾਬਿਲੇਜ਼ਿਕਰ ਹੈ ਕਿ ਸੱਤਵੀਂ ਵਾਰ ਡਰੋਨ ਨੇ ਭਾਰਤ 'ਚ ਦਾਖ਼ਲ ਹੋਣ ਦਾ ਯਤਨ ਕੀਤਾ ਹੈ, ਪਰ ਸਰਹੱਦ 'ਤੇ ਤਾਇਨਾਤ ਜਵਾਨਾਂ ਨੇ ਪੰਜ ਵਾਰ ਡਰੋਨ 'ਤੇ ਫਾਇਰਿੰਗ ਕਰ ਕੇ ਦੇਸ਼ ਵਿਰੋਧੀ ਤਾਕਤਾਂ ਦੇ ਇਰਾਦਿਆਂ ਨੂੰ ਤਬਾਹ ਕਰ ਦਿੱਤਾ ਗਿਆ। ਓਧਰ ਡਰੋਨ ਆਉਣ ਸਬੰਧੀ ਖ਼ੁਫੀਆ ਏਜੰਸੀ ਜਾਂਚ ਵਿਚ ਜੁਟ ਗਈ ਹੈ।

Posted By: Seema Anand