ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ :

ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਦੇ ਕਾਂਗਰਸ ਆਗੂ ਬਲਵਿੰਦਰ ਸਿੰਘ ਦੇ ਬੇਟੇ ਰਣਜੀਤ ਸਿੰਘ ਬਿੱਟੂ ਦੀ ਕਾਰ 'ਤੇ ਮੋਟਰ ਸਾਈਕਲ ਦਰਮਿਆਨ ਹੋਏ ਸੜਕ ਹਾਦਸੇ 'ਚ ਮੌਤ ਹੋ ਗਈ। ਜਿਸ ਕਾਰਨ ਵਡਾਲਾ ਬਾਂਗਰ ਦਾ ਬਾਜ਼ਾਰ ਬੰਦ ਰਹਿਣ ਤੋਂ ਇਲਾਵਾ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਐੱਸਐੱਚਓ ਵਿਸ਼ਵਾਨਾਥ ਨੇ 'ਜਾਗਰਣ' ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਮਿ੍ਤਕ ਰਣਜੀਤ ਸਿੰਘ ਦੀ ਪਤਨੀ ਜੋਤੀ ਦੇ ਬਿਆਨਾਂ 'ਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਵੀਰਵਾਰ ਨੂੰ ਪਿੰਡ ਵਡਾਲਾ ਬਾਂਗਰ ਵਿਖੇ ਮਿ੍ਤਕ ਰਣਜੀਤ ਸਿੰਘ ਬਿੱਟੂ ਦੀ ਲਾਸ਼ ਪੁੱਜਣ 'ਤੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ। ਦਿੱਸਣਯੋਗ ਹੈ ਕਿ ਰਣਜੀਤ ਸਿੰਘ ਵਡਾਲਾ ਬਾਂਗਰ ਆਪਣੇ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਮੋਟਰਸਾਈਕਲ 'ਤੇ ਗਿਆ ਹੋਇਆ ਸੀ ਕਿ ਗੁਰਦਾਸਪੁਰ ਤੋਂ ਪਠਾਨਕੋਟ ਨੂੰ ਆ ਰਹੀ ਕਾਰ ਨੰਬਰ ਪੀ ਬੀ 06 ਡੀ 3232 ਨੇ ਡੱਲਾ ਬਲੀਮ ਨੇੜੇ ਮੋਟਰਸਾਈਕਲ ਸਵਾਰ ਰਣਜੀਤ ਸਿੰਘ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ ਜਿਸ ਦੌਰਾਨ ਰਣਜੀਤ ਸਿੰਘ ਦੀ ਮੌਤ ਹੋ ਗਈ ਜਿਸ ਦਾ ਪੋਸਟਮਾਰਟਮ ਕਰਕੇ ਉਸ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਵਿਸ਼ਵਾਨਾਥ ਨੇ ਦੱਸਿਆ ਕਿ ਤਫਤੀਸੀ ਅਫਸਰ ਏਐਸਆਈ ਸੰਜੀਵ ਕੁਮਾਰ ਨੇ ਕਾਰ ਚਾਲਕ ਨੂੰ ਕਾਰ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।