ਆਕਾਸ਼, ਗੁਰਦਾਸਪੁਰ : ਬੁੱਧਵਾਰ ਨੂੰ ਕੋਰਟ ਕੰਪਲੈਕਸ ਦੀ ਤੀਜੀ ਮੰਜ਼ਲ ਤੋਂ ਹਵਾਲਾਤੀ ਨੇ ਹੱਥਕੜੀ ਖੁੱਲਦੇ ਹੀ ਛਾਲ ਮਾਰ ਦਿੱਤੀ। ਨੌਜਵਾਨ 'ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਸੀ ਜਿਵੇਂ ਹੀ ਉਸ ਨੂੰ ਤੀਜੀ ਮੰਜ਼ਲ 'ਤੇ ਸਥਿਤ ਸਿਵਲ ਜੱਜ ਅਮਰਦੀਪ ਸਿੰਘ ਦੀ ਅਦਾਲਤ ਵਿਚ ਪੇਸ਼ ਕਰਨ ਲਈ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਹੱਥਕੜੀ ਖੋਲ੍ਹੀ ਤਾਂ ਹਵਾਲਾਤੀ ਨੇ 1 ਮਿੰਟ 'ਚ ਹੀ ਛਾਲ ਮਾਰ ਦਿੱਤੀ। ਹਵਾਲਾਤੀ ਦੇ ਛਾਲ ਮਾਰਨ ਦੀ ਗੱਲ ਪੂਰੇ ਕੋਰਟ ਕੰਪਲੈਕਸ ਵਿਚ ਅੱਗ ਵਾਂਗ ਫੈਲ ਗਈ।

ਸੂਚਨਾ ਮਿਲਦੇ ਹੀ ਐੱਸਐੱਸਪੀ ਸਵਰਨਦੀਪ ਸਿੰਘ ਮੌਕੇ 'ਤੇ ਪਹੁੰਚੇ। ਵਿਅਕਤੀ ਦੇ ਵਾਰਸਾਂ ਨੇ ਲਾਸ਼ ਲੈ ਕੇ ਜਾਣ ਲਈ 108 ਐਂਬੂਲੈਂਸ 'ਤੇ ਵਾਰ-ਵਾਰ ਫੋਨ ਕੀਤਾ ਪਰ ਕਰੀਬ 1 ਘੰਟਾ ਬੀਤ ਜਾਣ ਦੇ ਬਾਵਜੂਦ ਵੀ ਐਂਬੂਲੈਂਸ ਘਟਨਾ ਵਾਲੀ ਜਗ੍ਹਾ 'ਤੇ ਨਾ ਪੁੱਜੀ ਅਤੇ ਨਿੱਜੀ ਗੱਡੀ ਰਾਹੀਂ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਕਰਾਰ ਦੇ ਦਿੱਤਾ।

ਜਾਣਕਾਰੀ ਮੁਤਾਬਕ ਅੰਮਿ੍ਤਸਰ ਦੇ ਪਿੰਡ ਪੰਗਾਲੀ ਕਲਾਂ ਥਾਣਾ ਮਜੀਠਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਪੁੱਤਰ ਬਲਵੰਤ ਸਿੰਘ ਖ਼ਿਲਾਫ਼ ਕਲਾਨੌਰ ਥਾਣਾ ਵਿਚ 2 ਦਿਨ ਪਹਿਲਾਂ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।

ਮਿ੍ਤਕ ਦੇ ਵਾਰਿਸਾਂ ਨੇ ਦੋਸ਼ ਲਗਾਇਆ ਕਿ ਕਲਾਨੌਰ ਥਾਣੇ ਵਿਚ 2 ਦਿਨ ਪਹਿਲਾਂ ਸੁਖਦੇਵ ਅਤੇ ਹੋਰ ਦੋ ਲੋਕਾਂ ਖ਼ਿਲਾਫ਼ ਐੱਨਡੀਪੀਐੱਸ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ। ਜਦਕਿ ਪੁਲਿਸ ਸੁਖਦੇਵ ਨੂੰ ਇਸ ਕੇਸ ਵਿਚੋਂ ਕੱਢਣ ਲਈ ਪੈਸਿਆਂ ਦੀ ਮੰਗ ਕਰ ਰਹੀ ਸੀ। ਹਾਲਾਂਕਿ ਪੁਲਿਸ ਨੇ ਵਾਰਿਸਾਂ 'ਤੇ ਲਗਾਏ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ 'ਤੇ ਮਾਮਲਾ ਦਰਜ ਸੀ ਅਤੇ ਉਸਨੂੰ ਅਦਾਲਤ ਵਿਚ ਪੇਸ਼ ਕਰਨ ਲਈ ਇਥੇ ਲਿਆਂਦਾ ਗਿਆ ਸੀ।

ਹੱਥਕੜੀ ਲੱਗੀ ਹੁੰਦੀ ਤਾਂ ਨਾ ਮਰਦਾ ਮੇਰਾ ਪੁੱਤ

ਮਿ੍ਤਕ ਸੁਖਦੇਵ ਦੇ ਪਿਤਾ ਬਲਵੰਤ ਸਿੰਘ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇ ਉਸ ਦੇ ਬੇਟੇ ਨੂੰ ਹੱਥਕੜੀ ਲੱਗੀ ਹੁੰਦੀ ਤਾਂ ਉਸ ਦਾ ਬੇਟਾ ਛਾਲ ਨਾ ਮਾਰਦਾ। ਉਨ੍ਹਾਂ ਨੇ ਦੱਸਿਆ ਕਿ ਅਦਾਲਤ ਆਉਣ ਤੋਂ ਪਹਿਲਾਂ ਪੁਲਿਸ ਨੇ ਸਿਵਲ ਹਸਪਤਾਲ ਵਿਚੋਂ ਜਦੋਂ ਉਸ ਦਾ ਮੈਡੀਕਲ ਕਰਵਾਇਆ ਤਾਂ ਉਦੋਂ ਤੋਂ ਹੀ ਪੁਲਿਸ ਨੇ ਉਸ ਦੇ ਹੱਥਕੜੀ ਨਹੀਂ ਲਗਾਈ ਜਦਕਿ ਉਸ ਦਾ ਬੇਟਾ ਮਾਮਲਾ ਦਰਜ ਹੋਣ ਤੋਂ ਬਾਅਦ ਮਾਨਸਿਕ ਤੌਰ 'ਤੇ ਡਿਪ੍ਰੈਸ਼ਨ 'ਚ ਸੀ। ਜਿਵੇਂ ਹੀ ਉਹ ਤੀਜੀ ਮੰਜ਼ਲ 'ਤੇ ਗਿਆ ਤਾਂ ਮਾਨਸਿਕ ਪਰੇਸ਼ਾਨੀ ਕਾਰਨ ਉਸ ਨੇ ਛਾਲ ਮਾਰ ਦਿੱਤੀ। ਐਸਐਸਪੀ ਸਵਰਣਜੀਤ ਸਿੰੰਘ ਨੇ ਕਿਹਾ ਕਿ ਮਾਮਲੇ ਸਬੰਧੀ ਪੂਰੀ ਜਾਂਚ ਕੀਤੀ ਜਾਵੇਗੀ।

ਇਨ੍ਹਾਂ ਖ਼ਿਲਾਫ਼ ਹੋਇਆ ਸੀ ਮਾਮਲਾ ਦਰਜ

ਪੰਜ ਅਕਤੂਬਰ ਨੂੰ ਥਾਣਾ ਕਲਾਨੌਰ ਦੀ ਪੁਲਿਸ ਦੇ ਨਾਰਕੋਟਿਕ ਸੇਲ ਵੱਲੋਂ ਫੜੇ ਗਏ ਗੁਰਮੀਤ ਪਤਨੀ ਸੁਖਰਾਜ ਤੇ ਬਲਦੇਵ ਪੁੱਤਰ ਕੁੰਦਨ ਲਾਲ ਤੋਂ 1030 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਪੁਲਿਸ ਨੇ ਜਦੋਂ ਇਨ੍ਹਾਂ ਦੋਵਾਂ ਔਰਤਾਂ ਤੋਂ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਅੰਮਿ੍ਤਸਰ ਦੇ ਇਕ ਮੈਡੀਕਲ ਸਟੋਰ 'ਤੇ ਕੰਮ ਕਰਦੇ ਸੁਖਦੇਵ ਸਿੰਘ ਤੋਂ ਇਹ ਗੋਲੀਆਂ ਮਿਲਦੀਆਂ ਹਨ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਸੁਖਦੇਵ ਸਿੰਘ ਨੂੰ ਗਿ੍ਫ਼ਤਾਰ ਕਰ ਇਕ ਦਿਨ ਦਾ ਅਦਾਲਤ ਤੋਂ ਰਿਮਾਂਡ ਲਿਆ ਸੀ ਅਤੇ ਬੁੱਧਵਾਰ ਨੂੰ ਮੁੜ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ।