ਸੁਖਦੇਵ ਸਿੰਘ, ਬਟਾਲਾ : ਸ਼ੁੱਕਰਵਾਰ ਸਵੇਰੇ ਅੰਮਿ੍ਤਸਰ-ਪਠਾਨਕੋਟ ਹਾਈਵੇ 'ਤੇ ਸਥਿਤ ਪਿੰਡ ਮਲੂਦੁਆਰਾ ਨੇੜੇ ਵਾਪਰੇ ਇੱਕ ਹਾਦਸੇ 'ਚ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਦਿਆਲਗੜ੍ਹ ਦੇ ਚੌਕੀ ਇੰਚਾਰਜ ਏਐੱਸਆਈ ਸੰਤੋਖ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਮਿ੍ਤਕ ਦੀ ਪਛਾਣ ਵੀਰੂ ਪੁੱਤਰ ਜਗਦੀਸ਼ ਚੰਦ ਵਾਸੀ ਅਟਾਵਾ ਬਿਹਾਰ ਹਾਲ ਵਾਸੀ ਬਟਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕ ਵੀਰੂ ਜੋ ਕਿ ਆਪਣੇ ਮੋਟਰਸਾਈਕਲ (ਪੀਬੀ-05-ਏਸੀ-9641) 'ਤੇ ਆਪਣੇ ਭਰਾ ਨੂੰ ਮਿਲਣ ਪਠਾਨਕੋਟ ਜਾ ਰਿਹਾ ਸੀ, ਦੀ ਮਲੂਦੁਆਰਾ ਨੇੜੇ ਕਿਸੇ ਅਣਪਛਾਤੇ ਵਾਹਨ ਹੇਠਾਂ ਆਉਣ ਕਾਰਨ ਉਸ ਦੀ ਮੌਤ ਹੋ ਗਈ ਹੈ। ਏਐੱਸਆਈ ਸੰਤੋਖ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਕੇ ਅਣਪਛਾਤੇ ਵਾਹਨ ਵਿਰੁੱਧ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।