ਪਵਨ ਤੇ੍ਹਨ, ਬਟਾਲਾ : ਆਲ ਇੰਡੀਆ ਅਹਿਮਦੀਆ ਜਮਾਤ ਦੇ ਸੈਕਟਰੀ ਫਜ਼ਲ-ਉਰ-ਰਹਿਮਾਨ ਭੱਟੀ ਨੂੰ ਬੰਬ ਨਾਲ ਉਡਾਉਣ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਮੁਲਜ਼ਮ ਰਸ਼ੀਦ ਅਹਿਮਦ ਸੁਰੇਜਾ ਨਿਵਾਸੀ ਪਿੰਡ ਨੰਗਲ ਬਾਗਬਾਨ ਨੂੰ ਥਾਣਾ ਕਾਦੀਆਂ ਦੀ ਪੁਲਿਸ ਨੇ ਬੱਸ ਸਟੈਂਡ ਕੋਲੋਂ ਗਿ੍ਫ਼ਤਾਰ ਕਰ ਲਿਆ।

ਮੁਲਜ਼ਮ ਖ਼ਿਲਾਫ਼ 18 ਸਤੰਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮ 'ਤੇ ਦੋਸ਼ ਹੈ ਕਿ ਉਸ ਨੇ ਅਹਿਮਦੀਆ ਜਮਾਤ ਤੇ ਉਸ ਦੇ ਸੈਕਟਰੀ ਖ਼ਿਲਾਫ਼ ਸੋਸ਼ਲ ਮੀਡੀਆ 'ਚ ਲਾਈਵ ਹੋ ਕੇ ਜਾਨੋਂ ਮਾਰਨ ਤੇ ਬੰਬ ਨਾਲ ਉਡਾਉਣ ਵਾਲੇ ਮੈਸੇਜ ਦੇਣ ਤੋਂ ਬਾਅਦ ਵੀਡੀਓ ਯੂ-ਟਿਊਬ 'ਤੇ ਅਪਲੋਡ ਕਰ ਦਿੱਤੀ।

ਕੁਝ ਦਿਨ ਪਹਿਲਾਂ ਇਸ ਗੱਲ ਦੀ ਜਾਣਕਾਰੀ ਆਲ ਇੰਡੀਆ ਅਹਿਮਦੀਆ ਜਮਾਤ ਦੇ ਸੈਕਟਰੀ ਨੂੰ ਆਪਣੀ ਜਮਾਤ ਦੇ ਜਾਣਕਾਰਾਂ ਤੋਂ ਪਤਾ ਲੱਗੀ ਤਾਂ ਉਨ੍ਹਾਂ ਨੇ ਇਸ ਦੀ ਲਿਖਤੀ ਸ਼ਿਕਾਇਤ ਥਾਣਾ ਕਾਦੀਆਂ ਦੇ ਇੰਚਾਰਜ ਐੱਸਆਈ ਬਲਜਿੰਦਰ ਸਿੰਘ ਨੂੰ ਕੀਤੀ। ਐੱਸਆਈ ਨੇ ਇਸ ਕੇਸ ਦੀ ਪੜਤਾਲ ਲਈ ਏਐੱਸਆਈ ਤੇਜਿੰਦਰ ਸਿੰਘ ਦੇ ਅਗਵਾਈ ਹੇਠ ਇਕ ਟੀਮ ਦਾ ਗਠਨ ਕੀਤਾ। ਟੀਮ ਨੇ ਸਾਈਬਰ ਸੈੱਲ ਦੀ ਮਦਦ ਨਾਲ ਇਸ ਕੇਸ ਦੀ ਜਾਂਚ ਕੀਤੀ ਤਾਂ ਉਸ 'ਚ ਦਿੱਤੀ ਸ਼ਿਕਾਇਤ 'ਚ ਲਗਾਏ ਗਏ ਜਿੰਨੇ ਵੀ ਦੋਸ਼ ਸਨ ਉਹ ਸਹੀ ਸਾਬਤ ਹੋਏ। ਪੁਲਿਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਮਾਮਲਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਰਸ਼ੀਦ ਅਹਿਮਦ ਘਰੋਂ ਫਰਾਰ ਹੋ ਗਿਆ।

ਪੁਲਿਸ ਨੇ ਉਸ ਦੀ ਗਿ੍ਫ਼ਤਾਰੀ ਲਈ ਕੁਝ ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਜਿਨ੍ਹਾਂ ਦੀ ਜਾਣਕਾਰੀ ਦੇ ਆਧਾਰ 'ਤੇ ਥਾਣਾ ਕਾਦੀਆਂ ਪੁਲਿਸ ਨੇ ਬੀਤੀ ਦੇਰ ਸ਼ਾਮ ਉਸ ਨੂੰ ਕਾਦੀਆਂ ਬੱਸ ਸਟੈਂਡ ਦੇ ਕੋਲੋ ਗਿ੍ਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਮੁਲਜ਼ਮ ਬੱਸ ਰਾਹੀਂ ਕਿਸੇ ਹੋਰ ਸੂਬੇ ਵੱਲ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਅਦ ਦੁਪਹਿਰ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਉਥੋਂ ਦੋ ਦਿਨ ਦੇ ਪੁਲਿਸ ਰਿਮਾਂਡ ਦੇ ਭੇਜ ਦਿੱਤਾ ਗਿਆ।

ਮੁਲਜ਼ਮ ਤੋਂ ਪੁੱਛਗਿੱਛ ਜਾਰੀ

ਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਬੀਤੇ ਦਿਨੀਂ ਉਨ੍ਹਾਂ ਦੀ ਟੀਮ ਵੱਲੋਂ ਬੱਸ ਸਟੈਂਡ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਟੀਮ ਪੁੱਛਗਿੱਛ ਕਰ ਰਹੀ ਹੈ ਕਿ ਉਸ ਦੀ ਇਸ ਸਾਜ਼ਿਸ਼ 'ਚ ਕੋਈ ਹੋਰ ਸਾਥੀ ਤਾਂ ਸ਼ਾਮਲ ਨਹੀਂ ਸੀ। ਫਿਲਹਾਲ ਮੁੱਢਲੀ ਜਾਂਚ 'ਚ ਉਸ ਨੇ ਕਿਸੇ ਦਾ ਨਾਂ ਨਹੀਂ ਲਿਆ। ਮੁਲਜ਼ਮ ਤੋਂ ਇਸ ਸਾਰੇ ਕੇਸ ਦੇ ਸਬੂਤ ਹਾਸਲ ਕੀਤੇ ਜਾ ਰਹੇ ਹਨ ਤਾਂ ਕਿ ਉਨ੍ਹਾਂ ਅਦਾਲਤ 'ਚ ਪੇਸ਼ ਕੀਤਾ ਜਾ ਸਕੇ।