ਮਹਿੰਦਰ ਸਿੰਘ ਅਰਲੀਭੰਨ, ਡੇਰਾ ਬਾਬਾ ਨਾਨਕ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਛੋਹ ਪ੍ਰਾਪਤ ਜੋਤੀ ਜੋਤ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਜੋਤੀ ਜੋਤ ਦਿਹਾੜੇ ਮੌਕੇ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ ਮੰਗਲਵਾਰ ਦੇਰ ਸ਼ਾਮ 5.40 ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਕਰਤਾਰਪੁਰ ਕੌਰੀਡੋਰ ਨੇੜੇ ਪੁੱਜਾ।

ਇਸ ਮੌਕੇ ਡੇਰਾ ਬਾਬਾ ਨਾਨਕ ਨੇੜੇ ਕੌਮਾਂਤਰੀ ਸਰਹੱਦ 'ਤੇ ਬਣੇ ਦਰਸ਼ਨ ਸਥਲ ਅਤੇ ਪਾਕਿਸਤਾਨ ਨਾਲ ਸਬੰਧਤ ਨਾਨਕ ਨਾਮ ਲੇਵਾ ਸੰਗਤਾਂ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਜੈਕਾਰੇ ਲਾਏ ਅਤੇ ਪਾਕਿਸਤਾਨੀ ਨਾਨਕ ਨਾਮਲੇਵਾ ਸੰਗਤਾਂ ਵੱਲੋਂ ਡੇਰਾ ਬਾਬਾ ਨਾਨਕ ਦੀ ਸਰਹੱਦ ਨੇੜੇ ਅਰਦਾਸ ਕਰਕੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕੀਤੀ ।

ਇਸ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਪਾਕਿਸਤਾਨ ਸਿੱਖ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵੱਲੋਂ ਪੰਜ ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਵਿਸ਼ਾਲ ਨਗਰ ਕੀਰਤਨ 5਼:40 ਦੇ ਕਰੀਬ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ 'ਤੇ ਆਈਬੀ ਨਜ਼ਦੀਕ ਪਾਕਿਸਤਾਨ ਵਾਲੇ ਪਾਸੇ ਨਗਰ ਕੀਰਤਨ ਪੁੱਜਾ।

ਇਸ ਮੌਕੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਚੱਲ ਰਹੇ ਸਨ। ਬੱਸਾਂ, ਗੱਡੀਆਂ ਤੇ ਕਾਰਾਂ ਦੇ ਕਾਫਲੇ ਸਮੇਤ ਪੁੱਜੇ ਵਿਸ਼ਾਲ ਨਗਰ ਕੀਰਤਨ ਦਾ ਭਾਰਤੀ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਸਰਹੱਦ ਤੋਂ ਦਰਸ਼ਨ ਕੀਤੇ । ਇਥੇ ਦੱਸਣਯੋਗ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਦਰਜੀਤ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਮੰਗਲਵਾਰ ਨੂੰ ਕੱਢੇ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਵਿਚ ਭਾਰਤੀ ਖੇਤਰ ਨਾਲ ਸੰਬੰਧਤ ਨਾਨਕ ਨਾਮ ਲੇਵਾ ਸੰਗਤਾਂ ਨੂੰ ਕਰਤਾਰਪੁਰ ਕੌਰੀਡੋਰ ਡੇਰਾ ਬਾਬਾ ਨਾਨਕ ਦੀ ਅਪੀਲ ਕੀਤੀ ਗਈ ਸੀ ਜਿਸ ਦੇ ਮੱਦੇਨਜ਼ਰ ਭਾਰਤੀ ਨਾਨਕ ਨਾਮਲੇਵਾ ਸੰਗਤਾਂ ਵੱਲੋਂ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ 'ਤੇ ਬਣੇ ਦਰਸ਼ਨ ਸਥਲ 'ਤੇ ਜਾ ਕੇ ਪਾਕਿਸਤਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਆਏ ਨਗਰ ਕੀਰਤਨ ਦੇ ਦਰਸ਼ਨ ਕੀਤੇ ।

Posted By: Jagjit Singh