ਸੁਖਦੇਵ ਸਿੰਘ, ਬਟਾਲਾ : ਪਿਛਲੇ ਕਈ ਦਿਨਾਂ ਤੋਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਬਾਰੇ ਐਲਾਨ ਕਰ ਦੇਣਗੇ ਪਰ ਵਿਆਹ ਪੁਰਬ ਮੌਕੇ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ ਹੈ। ਲੋਕਾਂ ਮੁਤਾਬਕ ਅੰਗਰੇਜ਼ਾਂ ਤੋਂ ਬਾਅਦ 169 ਸਾਲ ਬਾਅਦ ਬਟਾਲਾ ਨੂੰ ਜ਼ਿਲ੍ਹਾ ਬਣਾਏ ਜਾਣ ਦੀ ਆਸ ਜਾਗੀ ਸੀ ਪਰ ਐਨ ਮੌਕੇ ’ਤੇ ਕਾਂਗਰਸੀਆਂ ਅੰਦਰਲੀ ਫੁੱਟ ਕਾਰਨ ਬਟਾਲਾ ਜ਼ਿਲ੍ਹਾ ਬਣਨ ਤੋਂ ਰਹਿ ਗਿਆ ਹੈ।

ਦੱਸਣਯੋਗ ਹੈ ਕਿ ਕਰੀਬ 10 ਦਿਨ ਪਹਿਲਾਂ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਏ ਜਾਣ ਦੀ ਤਜਵੀਜ਼ ਵਿਚਾਰ ਅਧੀਨ ਹੈ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਪੱਸ਼ਟ ਇਸ਼ਾਰਾ ਦਿੱਤਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਮੌਕੇ ਬਟਾਲਾ ਜ਼ਿਲ੍ਹਾ ਬਣ ਸਕਦਾ ਹੈ। ਇਸ ਤੋਂ ਬਾਅਦ ਗੁਰਦਾਸਪੁਰ ਦੀ ਸਿਆਸਤ ਵਿਚ ਸਿਆਸੀ ਤੂਫਾਨ ਆ ਗਿਆ ਸੀ ਅਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ, ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹਡ਼ਾ, ਐੱਸਐੱਸ ਬੋਰਡ ਦੇ ਚੇਅਰਮੈਨ ਰਮਨ ਬਹਿਲ ਸਮੇਤ ਕਈ ਕਾਂਗਰਸੀਆਂ ਨੇ ਗੁਰਦਾਸਪੁਰ ਨਾਲੋਂ ਬਟਾਲੇ ਨੂੰ ਵੱਖ ਕਰ ਕੇ ਜ਼ਿਲ੍ਹਾ ਬਣਾਏ ਜਾਣ ਦਾ ਵਿਰੋਧ ਕੀਤਾ ਸੀ।

ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਮਾਨੇਪੁਰੀਆ ਵੱਲੋਂ ਪਾਏ ਦਬਾਅ ਕਾਰਨ ਮੁੱਖ ਮੰਤਰੀ ਪੰਜਾਬ ਨੇ ਫ਼ਿਲਹਾਲ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਫੈਸਲਾ ਟਾਲ ਦਿੱਤਾ ਹੈ।

ਸੰਘਰਸ਼ ਕਰਦੇ ਆ ਰਹੇ ਲੋਕ ਨਿਰਾਸ਼

ਪਿਛਲੇ 25 ਸਾਲਾਂ ਤੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਸੰਘਰਸ਼ ਕਰਦੇ ਆ ਰਹੇ ਆਜ਼ਾਦ ਪਾਰਟੀ ਦੇ ਬਜ਼ੁਰਗ ਆਗੂ ਸੁਰਿੰਦਰ ਸਿੰਘ ਕਲਸੀ ਨੇ ਕਿਹਾ ਕਿ ਸਿਆਸੀ ਪੱਖਪਾਤ ਨੀਤੀ ਕਰ ਕੇ ਬਟਾਲੇ ਨੂੰ ਜ਼ਿਲ੍ਹਾ ਨਹੀਂ ਬਣਾਇਆ ਗਿਆ ਹੈ। ਸਰਕਾਰ ਹਰ ਵਾਰ ਲੋਕਾਂ ਦੀਆਂ ਭਾਵਨਾਵਾਂ ਮਿੱਟੀ ਵਿਚ ਰੋਲ ਦਿੰਦੀ ਹੈ। ਜੇ 20 ਸਤੰਬਰ ਤਕ ਬਟਾਲਾ ਨੂੰ ਪੂਰਨ ਜ਼ਿਲ੍ਹਾ ਨਾ ਐਲਾਨਿਆ ਤਾਂ 23 ਸਤੰਬਰ ਨੂੰ ਆਜ਼ਾਦ ਪਾਰਟੀ ਸਹਿਯੋਗੀ ਪਾਰਟੀਆਂ ਨਾਲ ਜਬਰਦਸਤ ਰੋਸ ਮੁਜ਼ਾਹਰਾ ਕਰੇਗੀ।

ਸਰਕਾਰ ਨੇ ਖੇਡੀ ਹੈ ਸਿਆਸੀ ਖੇਡ : ਗੁਰਦਰਸ਼ਨ ਸਿੰਘ

ਸਰਕਾਰਾਂ ਹਮੇਸ਼ਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾਡ਼ ਕਰਦੀਆਂ ਹਨ ਅਤੇ ਅਜਿਹਾ ਹੀ ਕੈਪਟਨ ਸਰਕਾਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਹਿਣੀ ਅਤੇ ਕਥਣੀ ਵਿਚ ਹਮੇਸ਼ਾ ਫ਼ਰਕ ਰਹਿੰਦਾ ਹੈ। ਸਿਆਸਤਦਾਨਾਂ ਦੀ ਲਡ਼ਾਈ ਵਿਚ ਬਟਾਲਾ ਵਾਸੀਆਂ ਦੇ ਅਰਮਾਨਾਂ ਦੀ ਬਲੀ ਲਈ ਗਈ ਹੈ। ਜੇ ਬਟਾਲਾ ਜ਼ਿਲ੍ਹਾ ਬਣਦਾ ਹੈ ਤਾਂ ਇਸ ਦੇ ਨਾਲ ਸਨਅਤ ਨੂੰ ਹੁਲਾਰਾ ਮਿਲਣਾ ਸੀ ਅਤੇ ਨਾਲ ਹੀ ਆਰਥਿਕਤਾ ਵਿਚ ਵਾਧਾ ਹੋਣਾ ਸੀ।

Posted By: Tejinder Thind