ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਬਲਾਕ ਅਧੀਨ ਆਉਂਦੇ ਪਿੰਡ ਸਪਰਾ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਰਾਊਂਡਅੱਪ (ਨਦੀਨ ਨਾਸ਼ਕ) ਦਵਾਈ ਪਾ ਕੇ ਕਿਸਾਨ ਦਾ ਢਾਈ ਏਕੜ ਝੋਨਾ ਨਸ਼ਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਬਾਰੇ ਪੀੜਤ ਕਿਸਾਨ ਕੰਵਲਪ੍ਰਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਚੋਖਾ ਖ਼ਰਚ ਕਰ ਕੇ ਢਾਈ ਏਕੜ ਜ਼ਮੀਨ ਵਿਚ ਪੀ ਆਰ 121ਪਰਮਲ (ਝੋਨੇ) ਦੀ ਬਿਜਾਈ ਕੀਤੀ ਸੀ ਜਦਕਿ ਕਿਸੇ ਸ਼ਰਾਰਤੀ ਅਨਸਰ ਨੇ ਉਸ ਦੇ ਖੇਤ ਵਿਚ ਲਾਏ ਝੋਨੇ 'ਤੇ ਰਾਊਂਡਅਪ ਨਦੀਨ ਨਾਸ਼ਕ ਦਵਾਈ ਦੀ ਸਪਰੇਅ ਕਰ ਕੇ ਉਸ ਦੀ ਝੋਨੇ ਦੀ ਫਸਲ ਨਸ਼ਟ ਕਰ ਦਿੱਤੀ ਹੈ। ਪੀੜਤ ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਝੋਨੇ ਦੀ ਲਵਾਈ ਤੇ ਬਿਜਾਈ ਲਈ ਕਰੀਬ 10 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਕੀਤਾ ਗਿਆ ਸੀ ਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਸ ਦੀ ਫ਼ਸਲ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਤੇ ਇਸ ਕਾਰਨ ਆਰਥਕ ਬੋਝ ਪੈ ਗਿਆ ਹੈ।

ਉਸ ਨੇ ਕਿਹਾ ਕਿ ਉਸ ਕੋਲ ਹੁਣ ਝੋਨੇ ਦੀ ਪਨੀਰੀ ਵੀ ਨਹੀਂ ਹੈ। ਪੁਲਿਸ ਥਾਣਾ ਕਲਾਨੌਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਸਰਪੰਚ ਰਵੇਲ ਸਿੰਘ ਭਿੰਡੀਆਂ, ਜਸਵੰਤ ਸਿੰਘ ਬਾਜਵਾ, ਬੱਬੂ ਜੋਗੋਵਾਲ, ਨਿਰਮਲ ਸਿੰਘ ਸਪਰਾ ਵੀ ਹਾਜ਼ਰ ਸਨ।